ਮੁੰਬਈ : ਪੁਲਿਸ ਨੇ ਇੱਕ ਟੀਵੀ ਚੈਨਲ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੂੰ ਬੁੱਧਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ‘ਤੇ ਸਾਲ 2018 ‘ਚ ਇੱਕ ਮਾਂ ਅਤੇ ਉਸ ਦੇ ਪੁੱਤਰ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਇਲਜ਼ਾਮ ਹਨ। ਇਸ ਦੇ ਨਾਲ ਐਡੀਟਰ ਇਨ ਚੀਫ਼ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਅਰਨਬ ਗੋਵਾਮੀ ਨੇ ਆਪਣੇ ਘਰ ‘ਚ ਲੱਗੇ ਸੀਸੀਟੀਵੀ ਦੀ ਫੁਟੇਜ ਵੀ ਦਿਖਾਈ, ਜਿਸ ਵਿੱਚ ਪੁਲਿਸ ਅਤੇ ਅਰਨਬ ਗੋਸਵਾਮੀ ਵਿਚਾਲੇ ਝੜਪ ਹੁੰਦੀ ਦਿਖਾਈ ਦੇ ਰਹੀ ਹੈ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਮਾਮਲੇ ‘ਚ ਅਰਨਬ ਗੋਸਵਾਮੀ ਨੇ ਮੁੰਬਈ ਪੁਲਿਸ ਦੇ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਇਲਾਵਾ ਮੁੰਬਈ ਪੁਲਿਸ ਨੇ ਫਰਜ਼ੀ ਟੀ.ਆਰ.ਪੀ ਮਾਮਲੇ ‘ਚ ਅਰਨਬ ਗੋਸਵਾਮੀ ਦੇ ਚੈਨਲ ‘ਤੇ ਫੇਕ ਵੀਊਜ਼ ਲੈਣ ਦੇ ਦੋਸ਼ ਲਾਏ ਸਨ। ਹੁਣ ਪੁਲਿਸ ਨੇ ਦੋ ਸਾਲ ਪੁਰਾਣੇ ਮਾਮਲੇ ਵਿੱਚ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 2018 ‘ਚ 53 ਸਾਲ ਦੇ ਇੱਕ ਵਿਅਕਤੀ ਨੇ ਆਪਣੀ ਮਾਂ ਦੇ ਨਾਲ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਜਾਂਚ ਸੀਆਈਡੀ ਕਰ ਰਹੀ ਹੈ। ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਅਕਤੀ ਨੇ ਇੱਕ ਪੱਤਰ ਲਿਖਿਆ ਸੀ ਜਿਸ ‘ਚ ਉਸ ਨੇ ਅਰਨਬ ਤੇ ਦੋ ਹੋਰਾਂ ‘ਤੇ 5.40 ਕਰੋੜ ਰੁਪਏ ਦਾ ਭੁਗਤਾਨ ਨਾ ਕਰਨ ਦੇ ਦੋਸ਼ ਲਾਏ ਤੇ ਖੁਦਕੁਸ਼ੀ ਕਰਨ ਦਾ ਕਾਰਨ ਵੀ ਇਹ ਦੱਸਿਆ ਸੀ।