ਕੈਨੇਡਾ : ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਹੋਏ ਵੁੱਡਬ੍ਰਿਜ ਲਾਂਗ ਟਰਮ ਕੇਅਰ ਹੋਮ ਵਿੱਚ ਫੌਜ ਤਾਇਨਾਤ

TeamGlobalPunjab
2 Min Read

ਓਨਟਾਰੀਓ : ਕੈਨੇਡਾ ਦੇ ਲਾਂਗ ਟਰਮ ਕੇਅਰ ਸੈਂਟਰਾਂ ‘ਚ ਕੋਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚੱਲਦਿਆਂ ਮਹਾਮਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਵੁੱਡਬ੍ਰਿਜ ਲਾਂਗ ਟਰਮ ਕੇਅਰ ਹੋਮ ਵਿੱਚ ਫੌਜ ਤਾਇਨਾਤੀ ਕਰ ਦਿੱਤੀ ਗਈ ਹੈ। ਕੱਲ੍ਹ ਜਾਰੀ ਬਿਆਨ ਵਿੱਚ ਲਾਂਗ ਟਰਮ ਕੇਅਰ ਮੰਤਰਾਲੇ ਨੇ ਆਖਿਆ ਕਿ ਹਾਲਾਤ ਦਾ ਜਾਇਜ਼ਾ ਲਾਉਣ ਲਈ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਨੂੰ ਵੁੱਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਨਾਂ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਤਾਇਨਾਤ ਕੀਤਾ ਗਿਆ ਹੈ। ਮੰਤਰਾਲੇ ਨੇ ਫੌਜ ਵੱਲੋਂ ਮਿਲ ਰਹੇ ਇਸ ਸਹਿਯੋਗ ਦਾ ਸੁ਼ਕਰਗੁਜ਼ਾਰ ਵੀ ਕੀਤਾ।

ਪ੍ਰੋਵਿੰਸ ਵੱਲੋਂ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ ਹੋਮ ਦਾ ਅੰਤਰਿਮ ਮੈਨੇਜਰ ਥਾਪੇ ਜਾਣ ਦੇ ਬਾਵਜੂਦ ਵੁੱਡਬ੍ਰਿਜ ਵਿਸਟਾ ਕੇਅਰ ਕਮਿਊਨਿਟੀ ਵਿੱਚ ਕੋਵਿਡ-19 ਦਾ ਪਸਾਰ ਘਟ ਨਹੀਂ ਸਕਿਆ। ਇਹ ਖੁਲਾਸਾ ਪ੍ਰੋਵਿੰਸ ਵੱਲੋਂ ਇੱਕ ਨਿਊਜ਼ ਰਲੀਜ਼ ਵਿੱਚ ਬੀਤੇ ਦਿਨੀਂ ਕੀਤਾ ਗਿਆ। ਪਿਛਲੇ ਵੀਕੈਂਡ 18 ਰੈਜ਼ੀਡੈਂਟਸ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਭੇਜ ਦਿੱਤੇ ਗਏ। ਹੋਮ ਦੇ ਆਪਰੇਟਰ ਸਿਏਨਾ ਸੀਨੀਅਰ ਲਿਵਿੰਗ ਨੇ ਉਸ ਸਮੇਂ ਇਹ ਆਖਿਆ ਸੀ ਕਿ ਇਨ੍ਹਾਂ ਬਜ਼ੁਰਗਾਂ ਨੂੰ ਹੋਮ ਵਿੱਚ ਮੁਹੱਈਆ ਕਰਵਾਈ ਜਾਣ ਵਾਲੀ ਸਾਂਭ ਸੰਭਾਲ ਤੋਂ ਜਿ਼ਆਦਾ ਦੀ ਲੋੜ ਹੈ।

ਜਿਸ ਤੋਂ ਬਾਅਦ ਬਜ਼ੁਰਗਾਂ ਨੂੰ ਟਰਾਂਸਫਰ ਕਰਨ ਤੋਂ ਬਾਅਦ ਐਸਈਆਈਯੂ ਹੈਲਥਕੇਅਰ, ਜੋ ਕਿ ਦੇਸ਼ ਭਰ ਵਿੱਚ ਹਜ਼ਾਰਾਂ ਹੈਲਥ ਕੇਅਰ ਵਰਕਰਜ਼ ਦੀ ਨੁਮਾਇੰਦਗੀ ਕਰਦੀ ਹੈ, ਵੱਲੋਂ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਗਈ ਸੀ। ਯੂਨੀਅਨ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਦੇ ਮੈਂਬਰਾਂ ਨੇ ਫੈਸਿਲਿਟੀ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ ਤੇ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਯਕੀਨ ਮੈਨੇਜਮੈਂਟ ਤੋਂ ਉੱਠ ਗਿਆ ਹੈ। ਜਦੋਂ ਤੋਂ ਆਊਟਬ੍ਰੇਕ ਹੋਇਆ ਹੈ ਉਦੋਂ ਤੋਂ ਹੁਣ ਤੱਕ 102 ਰੈਜ਼ੀਡੈਂਟਸ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 22 ਰੈਜ਼ੀਡੈਂਟਸ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 40 ਸਟਾਫ ਮੈਂਬਰਜ਼ ਵੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।

Share this Article
Leave a comment