ਮੋਰਿੰਡਾ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਆਰਡੀਨੈਂਸਾਂ ‘ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਚਲਦਿਆਂ ਹੁਣ ਮੋਰਿੰਡਾ ਵਿੱਚ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਂਝੇ ਤੌਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਚੱਡਾ ਵੱਲੋਂ ਵੀ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਚੱਡਾ ਨੇ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨੀ ਨੂੰ ਖਤਮ ਕਰਨ ਲਈ ਲਿਆਂਦੇ ਜਾ ਰਹੇ ਹਨ। ਇਸ ਮੌਕੇ ਚੱਡਾ ਨੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ।
ਦਿਨੇਸ਼ ਚੱਡਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਇਸ ਦੇ ਹੱਕ ਵਿਚ ਹਨ ਪਰ ਇਹ ਨਵੇਂ ਆਰਡੀਨੈਂਸ ਕਿੰਨੇ ਖਤਰਨਾਕ ਹਨ ਇਸ ਦਾ ਅੰਦਾਜ਼ਾ ਤੁਸੀਂ ਕਿਸੇ ਵਕੀਲ ਨਾਲ ਗੱਲਬਾਤ ਕਰਕੇ ਲਗਾ ਸਕਦੇ ਹੋ। ਦਿਨੇਸ਼ ਚੱਡਾ ਨੇ ਕਿਹਾ ਕਿ ਇਸ ਨਾਲ ਕਿਸਾਨ ਲਈ ਜ਼ੋ ਐੱਮ.ਐਸ.ਪੀ ਮੁੱਲ ਨਿਰਧਾਰਿਤ ਕੀਤਾ ਗਿਆ ਹੈ ਉਹ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸਤਦਾਨ ਵੋਟਾਂ ਤਾਂ ਕਿਸਾਨ ਤੋਂ ਲੈਂਦੇ ਹਨ ਪਰ ਫਿਰ ਉਨ੍ਹਾਂ ਨੂੰ ਇੰਝ ਛੱਡ ਦਿੱਤਾ ਜਾਂਦਾ ਹੈ।