ਭਾਰਤ ਪਾਕ ਸਰਹੱਦ ਉੱਤੇ ਇੱਕ ਸਾਲ ਦੇ ਅੰਦਰ ਅੰਦਰ ਲੱਗੇਗੀ ਐਂਟੀ ਡਰੋਨ ਟੈਕਨੋਲੋਜੀ – ਰਾਜਪਾਲ

Global Team
4 Min Read

ਅੰਮ੍ਰਿਤਸਰ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕੇ ਦੀਆਂ ਵਿਲੇਜ ਲੈਵਲ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਐਲਾਨ ਕੀਤਾ ਕਿ ਇੱਕ ਸਾਲ ਦੇ ਅੰਦਰ ਅੰਦਰ ਪੂਰੀ ਭਾਰਤ ਪਾਕ ਸਰਹੱਦ ਉੱਤੇ ਐਂਟੀ ਡਰੋਨ ਟੈਕਨੋਲੋਜੀ ਲਗਾ ਦਿੱਤੀ ਜਾਵੇਗੀ , ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਅੱਜ ਪਿੰਡ ਧਨੋਏ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਲ ਵਿੱਚ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਵੀ ਐਲ ਡੀ ਸੀ ਮੈਂਬਰਾਂ ਨਾਲ ਮੀਟਿੰਗ ਕਰਦੇ ਪ੍ਰੋਹਿਤ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਅਪਣਾਈ ਹਮਲਾਵਰ ਨੀਤੀ ਲਈ ਕੇਂਦਰੀ ਅਤੇ ਸੂਬਾ ਏਜੰਸੀਆਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਿਵਲ, ਪੁਲਿਸ ਅਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ ਉਸਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਉਨਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਪਾਕ ਸਰਹੱਦ ਨਾਲ ਲੱਗਦੇ ਛੇ ਜ਼ਿਲਿਆਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਕਮੇਟੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ , ਜਿਨਾਂ ਵਿੱਚ ਪਹਿਲਾ ਇਨਾਮ 3 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਤੇ ਤੀਸਰਾ ਇਨਾਮ ਇਕ ਲੱਖ ਰੁਪਏ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਜ਼ਿਲ੍ਹੇ ਵਿਚ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਈਆਂ ਜਾਣ ਅਤੇ ਜਿਲ੍ਹੇ ਪੱਧਰ ਦੀ ਮੀਟਿੰਗ ਹਰ ਸਾਲ ਬੁਲਾ ਕੇ ਕਮੇਟੀ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨਾਂ ਨਸ਼ੇ ਦੇ ਅਦਾਲਤੀ ਕੇਸਾਂ ਨਜਿੱਠਣ ਲਈ ਵਕੀਲਾਂ ਦਾ ਵਿਸ਼ੇਸ਼ ਪੈਨਲ ਗਠਿੱਤ ਕਰਨ ਅਤੇ ਦੋਸ਼ੀ ਵਿਅਕਤੀ ਨੂੰ ਸਜਾ ਸੁਣਾਏ ਜਾਣ ਤੇ ਤੁਰੰਤ ਉਸਦੀ ਜਾਇਦਾਦ ਜਬ਼ਤ ਕਰਨ ਦੀ ਹਦਾਇਤ ਵੀ ਕੀਤੀ। ਉਨਾਂ ਕਿਹਾ ਕਿ ਨਸ਼ੇ ਦੇ ਸਮੱਗਲਰਾਂ ਨਾਲ ਰਤੀ ਭਰ ਵੀ ਤਰਸ ਨਾ ਕੀਤਾ ਜਾਵੇ, ਬਲਿਕ ਕੁਚਲਣ ਦੀ ਨੀਤੀ ਅਪਣਾਈ ਜਾਵੇ।

ਉਹਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਵੀ ਐਲ ਡੀ ਸੀ ਮੈਂਬਰਾਂ ਨੂੰ ਅਸਲਾ ਲਾਇਸੰਸ ਲੋੜ ਅਨੁਸਾਰ ਜਾਰੀ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ ਤਾਂ ਜੋ ਲੋਕ ਅੱਗੇ ਆ ਕੇ ਇਸ ਤਸਕਰਾਂ ਵਿਰੁੱਧ ਕੰਮ ਕਰਨ । ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਬਾਰਡਰ ਏਰੀਏ ਦੇ ਪੁਲਿਸ ਸਟੇਸ਼ਨ ਨੂੰ ਮਜਬੂਤ ਕੀਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਕਿਉਂਕਿ ਸਿੱਧੇ ਤੌਰ ਉਤੇ ਭਾਰਤ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦਾ ਇਸ ਲਈ ਇਹ ਨਸ਼ਾ ਤਸਕਰੀ ਉਸ ਦੁਆਰਾ ਲੜੀ ਜਾ ਰਹੀ ਲੜਾਈ ਹੈ ,ਜਿਸ ਵਿੱਚ ਦੁਸ਼ਮਣ ਨੂੰ ਹਰਾਉਣ ਲਈ ਸਰਹੱਦੀ ਖੇਤਰ ਦੇ ਲੋਕਾਂ ਦੇ ਸਾਥ ਦੀ ਵੱਡੀ ਲੋੜ ਹੈ। ਉਹਨਾਂ ਨੇ ਸਰਹੱਦ ਉੱਤੇ ਬੈਠੇ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਦੀ ਸਿਫਤ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਸਹਿਯੋਗ ਹਮੇਸ਼ਾ ਦੁਸ਼ਮਣ ਨੂੰ ਪਛਾੜਨ ਵਿੱਚ ਕਾਰਗਰ ਸਾਬਤ ਹੋਇਆ ਹੈ ਅਤੇ ਅੱਜ ਵੀ ਨਸ਼ੇ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਪੁਲਿਸ ਨੂੰ ਵੱਡੀ ਲੋੜ ਹੈ । ਉਹਨਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਲਗਾਤਾਰ ਨਸ਼ੇ ਵਿਰੁੱਧ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਤੁਹਾਡਾ ਸਾਥ ਦੇਣ ਲਈ ਆਉਂਦੇ ਰਹਿਣਗੇ ਬਸ਼ਰਤੇ ਕਿ ਤੁਸੀਂ ਇਸ ਤਸਕਰੀ ਵਿਰੁੱਧ ਡਟੇ ਰਹੋ। ਇਸ ਤੋਂ ਪਹਿਲਾਂ ਉਨਾਂ ਨੇ ਧਨੋਏ ਕਲਾਂ ਵਿਖੇ ਸ਼ਹੀਦਾਂ ਦੀ ਯਾਦਗਾਰ ਉੱਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਬੀ.ਐਸ.ਐਫ. ਪੋਸਟ ਵਿਖੇ ‘ਇੱਕ ਪੇੜ ਮਾਂ ਕੇ ਨਾਮ’ ਦੀ ਸ਼ੁਰੂਆਤ ਕਰਦੇ ਇਕ ਪੌਦਾ ਵੀ ਲਗਾਇਆ।

ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਸਰਹੱਦ ਪਾਰ ਤੋਂ ਆਉਂਦੇ ਡਰੋਨ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰੇਗਾ ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਜੋ ਵੀ ਡਰੋਨ ਲੋਕਾਂ ਨੇ ਫੜਾਏ ਹਨ ਉਹਨਾਂ ਦਾ ਵੀ ਇਨਾਮ ਉਹਨਾਂ ਨੂੰ ਮਿਲੇਗਾ ਅਤੇ ਭਵਿੱਖ ਵਿੱਚ ਵੀ ਇਹ ਇਨਾਮ ਦਿੱਤਾ ਜਾਵੇਗਾ। ਉਹਨਾਂ ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਤਿੰਨ ਪਿੰਡਾਂ ਧਨੋਏ , ਮੋਦੋ ਕੇ ਅਤੇ ਅਟੱਲਗੜ੍ਹ ਦੀਆਂ ਯੂਥ ਕਲੱਬਾਂ ਨੂੰ 3.5 ਲੱਖ ਰੁਪਏ ਦੀ ਗਰਾਂਟ ਦਿੱਤੀ ।

Share This Article
Leave a Comment