ਪੰਜਾਬ ਦਾ ਇੱਕ ਹੋਰ ਜਵਾਨ ਜੰਮੂ ਕਸ਼ਮੀਰ ਦੇ ਪੁਣਛ ’ਚ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ

Rajneet Kaur
2 Min Read

ਨਿਊਜ਼ ਡੈਸਕ: ਜੰਮੂ ਕਸ਼ਮੀਰ ਦੇ ਪੁਣਛ ’ਚ ਕੱਲ੍ਹ ਗੋਲੀ ਲੱਗਣ ਕਾਰਨ ਪੰਜਾਬ ਦਾ ਇੱਕ ਨੌਜਵਾਨ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਅਗਨੀਵੀਰ ਜਵਾਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹੈ। ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਅੱਜ ਜੱਦੀ ਪਿੰਡ ਕੋਟਲੀ ਕਲਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਉਸ ਦੀਆਂ ਰਿਸ਼ਤੇਦਾਰੀ ’ਚੋਂ ਲੱਗਦੀਆਂ ਭੈਣਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। ਅੰਮ੍ਰਿਤਪਾਲ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਫੌਜ ਵਿੱਚ ਦਸੰਬਰ 2022 ’ਚ ਭਰਤੀ ਹੋਇਆ ਸੀ। ਟਰੇਨਿੰਗ ਤੋਂ ਬਾਅਦ ਉਹ ਛੁੱਟੀ ਕੱਟਣ ਘਰ ਆਇਆ ਸੀ। ਅਜੇ ਇੱਕ ਮਹੀਨਾ ਪਹਿਲਾਂ ਹੀ ਉਸ ਦੇ ਜੰਮੂ ਕਸ਼ਮੀਰ ਚ ਡਿਊਟੀ ਜੁਆਇੰਨ ਕੀਤੀ ਸੀ। ਜਿੱਥੇ ਉਸ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਦੀ ਮੰਗਣੀ ਹੋਈ ਸੀ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਨ ਦੀ ਸ਼ਹੀਦੀ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦਾ ਸਾਥ ਦੇਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment