ਸਿੰਗਾਪੁਰ : ਸਿੰਗਾਪੁਰ ’ਚ ਇਕ ਸੜਕ ਹਾਦਸੇ ਲਈ ਜ਼ਿੰਮੇਵਾਰ ਇਕ ਭਾਰਤੀ ਸਥਾਈ ਨਿਵਾਸੀ ਨੂੰ 3000 ਸਿੰਗਾਪੁਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ । ਇਸਦੇ ਨਾਲ ਹੀ ਛੇ ਮਹੀਨਿਆਂ ਲਈ ਉਸਦੇ ਵਾਹਨ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ।
ਇਸ ਹਾਦਸੇ ’ਚ ਇੱਕ ਔਰਤ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਅਤੇ ਗੋਡੇ ’ਚ ਸੱਟ ਲੱਗ ਗਈ ਸੀ। ਮੀਡੀਆ ਦੀਆਂ ਖ਼ਬਰਾਂ ਅਨੁਸਾਰ ਭਾਸਕਰ ਸੰਬੰਥਮ (44 ਸਾਲ) ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਕਾਰਨ ਪੈਦਲ ਯਾਤਰੀ ਨੂੰ ਗੰਭੀਰ ਰੂਪ ’ਚ ਜ਼ਖਮੀ ਕਰਨ ਦਾ ਦੋਸ਼ ਕਬੂਲ ਲਿਆ ਹੈ।
ਉਸ ’ਤੇ 3000 ਸਿੰਗਾਪੁਰ ਡਾਲਰ (ਤਕਰੀਬਨ 1,62,576 ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਛੇ ਮਹੀਨਿਆਂ ਲਈ ਡਰਾਈਵਿੰਗ ’ਤੇ ਪਾਬੰਦੀ ਲਗਾਈ ਗਈ ਹੈ। ਉਸ ਵਿਅਕਤੀ ਉੱਤੇ ਹਾਊਸਿੰਗ ਬਲਾਕ ਕਾਰ ਪਾਰਕ ’ਚ ਚੌਕੰਨਾ ਹੋ ਕੇ ਨਾ ਦੇਖਣ ਅਤੇ ਇੱਕ ਪੈਦਲ ਔਰਤ ਨੂੰ ਜ਼ਖ਼ਮੀ ਕਰਨ ਦਾ ਦੋਸ਼ ਹੈ। ਇਸ ਦੋਸ਼ ਲਈ ਭਾਸਕਰ ਨੂੰ ਦੋ ਸਾਲ ਦੀ ਕੈਦ ਅਤੇ 5000 ਸਿੰਗਾਪੁਰ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਸਨ।
ਭਾਸਕਰ 3 ਅਪ੍ਰੈਲ, 2019 ਨੂੰ ਬਲਾਕ 101, ਟੈਂਪਾਈਨਜ਼ ਸਟ੍ਰੀਟ ਨੇੜੇ ਇੱਕ ਪਾਰਕਿੰਗ ਤੋਂ ਆਪਣਾ ਵਾਹਨ ਚਲਾ ਕੇ ਆ ਰਿਹਾ ਸੀ। ਉਸੇ ਸਮੇਂ ਪੀੜਤ (58) ਆਪਣੇ ਕੰਮ ਦੇ ਸਿਲਸਿਲੇ ’ਚ ਬੱਸ ਅੱਡੇ ਵੱਲ ਜਾ ਰਹੀ ਸੀ। ਬੱਸ ਅੱਡੇ ’ਤੇ ਜਾਣ ਲਈ ਉਸ ਨੂੰ ਕਾਰ ਪਾਰਕ ’ਚੋਂ ਲੰਘਣਾ ਪਿਆ। ਮੀਂਹ ਪੈਣ ਕਾਰਨ ਭਾਸਕਰ ਔਰਤ ਨੂੰ ਵੇਖ ਨਹੀਂ ਸਕਿਆ ਅਤੇ ਉਸ ਨੇ ਕਾਰ ਨੂੰ ਸੱਜੇ ਵੱਲ ਮੋੜ ਦਿੱਤਾ, ਜਿਸ ਕਾਰਨ ਉਕਤ ਔਰਤ ਕਾਰ ਦੀ ਲਪੇਟ ’ਚ ਆਉਣ ਕਰਕੇ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਔਰਤ ਦੇ ਪਤੀ ਨੇ ਪੁਲਿਸ ’ਚ ਰਿਪੋਰਟ ਦਰਜ ਕਰਵਾਈ ਸੀ।
ਵਕੀਲ ਨੇ ਘੱਟੋ ਘੱਟ 4,000 ਡਾਲਰ ਦਾ ਜੁਰਮਾਨਾ ਅਤੇ ਘੱਟੋ ਘੱਟ ਇਕ ਸਾਲ ਦੀ ਡਰਾਈਵਿੰਗ ਪਾਬੰਦੀ ਦੀ ਮੰਗ ਕੀਤੀ। ਭਾਸਕਰ ਦੇ ਵਕੀਲ ਨੇ ਇਸ ਦੀ ਬਜਾਏ 2,000 ਡਾਲਰ (1,505 ਅਮਰੀਕੀ ਡਾਲਰ) ਦਾ ਜ਼ੁਰਮਾਨਾ ਅਤੇ ਛੇ ਮਹੀਨੇ ਦੀ ਡਰਾਈਵਿੰਗ ਪਾਬੰਦੀ ਮੰਗੀ।
ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਹਾਦਸੇ ਸਮੇਂ ਭਾਰੀ ਬਾਰਸ਼ ਹੋ ਰਹੀ ਸੀ ਅਤੇ ਭਾਸਕਰ ਲਗਭਗ 10 ਕਿਲੋਮੀਟਰ ਦੀ ਰਫਤਾਰ ਨਾਲ ਹੌਲੀ-ਹੌਲੀ ਗੱਡੀ ਚਲਾ ਰਿਹਾ ਸੀ।