ਅਕਾਲ ਤਖ਼ਤ ਸਾਹਿਬ ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ, ਪ੍ਰਸ਼ਾਸਨ ਨੇ ਰੋਕਿਆ ਕੰਮ

TeamGlobalPunjab
4 Min Read

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ  ਜੋੜਾ ਘਰ ਨੇੜੇ ਹੋ ਰਹੀ ਖੁਦਾਈ ਦੇ ਦੌਰਾਨ ਸੁਰੰਗ ਮਿਲੀ ਹੈ। ਜੋ ਕਿ ਕਈ ਸਦੀਆਂ ਪੁਰਾਣੀ ਹੋ ਸਕਦੀ ਹੈ। ਸ੍ਰੀ ਅਕਾਲ ਤਖਤ ਵਾਲੀ ਬਾਹੀ, ਜਿੱਥੇ ਸੰਗਤ ਵੱਲੋਂ ਕਈ ਸਾਲਾਂ ਤੋਂ ਲੰਗਰ ਲਾਇਆ ਜਾਂਦਾ ਸੀ ਅਤੇ ਜੋ ਪਿਛਲੇ ਦਿਨੀਂ ਕਾਰਸੇਵਾ ਵਾਲੇ ਬਾਬਾ ਭੂਰੀ ਵਾਲਿਆਂ ਵੱਲੋਂ ਜੋੜਾ ਘਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਨਾਲ ਡੇਗ ਦਿੱਤੀ ਗਈ ਸੀ, ਵੱਲੋਂ ਖੋਦਾਈ ਕਰਦੇ ਸਮੇਂ ਇਕ ਸੁਰੰਗ ਮਿਲੀ ਹੈ। ਕਾਰਸੇਵਾ ਵਾਲੇ ਬਾਬਿਆਂ ਨੇ ਉਕਤ ਸੁਰੰਗ ਨੂੰ ਬੰਦ ਕਰ ਦਿੱਤਾ ਪਰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

ਵਿਵਾਦ ਕਾਰਨ ਭਾਈ ਬਲਦੇਵ ਸਿੰਘ ਵਡਾਲਾ ਦੇ ਸਮਰਥਕਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਝਗੜਾ ਵੀ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਬੇਸਮੈਂਟ ਦੀ ਖੁਦਾਈ ਦੌਰਾਨ ਮਿਲੀਆਂ ਸੁਰੰਗਾਂ  ਕਮਰੇ ਬਣਾਏ ਹੋਏ ਜਾਪਦੇ ਹਨ। ਇਹ ਸੁਰੰਗ ਨਾਨਕਸ਼ਾਹੀ ਇੱਟਾਂ ਦੀ ਬਣੀ ਹੈ ਜੋ ਇਸ ਦੀ ਇਤਿਹਾਸਕਤਾ ਨੂੰ ਦਰਸਾਉਂਦੀ ਹੈ।ਪਰ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਨਾਲ ਜੁੜੀ ਯਾਦਗਾਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ।ਇਹੀ ਕਾਰਨ ਹੈ ਕਿ ਐਸ.ਜੀ.ਪੀ.ਸੀ ਨੇ ਕਾਰ ਸੇਵਾ ਬਾਬਿਆਂ ਦੀ ਸਹਾਇਤਾ ਨਾਲ ਇਸ ਖੁਲ੍ਹੀ ਸੁਰੰਗ ਨੂੰ ਮੁੜ ਮਿੱਟੀ ਪਾ ਕੇ ਦਫਨਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਸਿੱਖ ਕੌਮ ਅਤੇ ਸੰਪਰਦਾ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸੁਰੰਗ ਦੀ ਪੜਤਾਲ ਭਾਰਤੀ ਪੁਰਾਤੱਤਵ ਸਰਵੇਖਣ ਤੋਂ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਕਿਸੇ ਵੀ ਕੀਮਤ ‘ਤੇ ਪੁਰਾਣੇ ਚਿੰਨ੍ਹ ਨੂੰ ਨਸ਼ਟ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਸੁਰੰਗ ਦੀ ਸੱਚਾਈ ਬਾਰੇ ਪਤਾ ਨਹੀਂ ਹੁੰਦਾ, ਉਦੋਂ ਤੱਕ ਉਹ ਹੋਰ ਉਸਾਰੀ ਕਾਰਜਾਂ ਦੀ ਆਗਿਆ ਨਹੀਂ ਦੇਣਗੇ।

- Advertisement -
ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੇ ਐੱਸ. ਡੀ. ਐੱਮ.-1 ਵਿਕਾਸ ਹੀਰਾ ਨੇ ਦੱਸਿਆ ਕਿ ਖੋਦਾਈ ਦੇ ਸਮੇਂ ਇਕ ਸੁਰੰਗ ਮਿਲੀ ਹੈ, ਜਿਸ ਦਾ ਕੁੱਝ ਧਾਰਮਿਕ ਜਥੇਬੰਦੀਆਂ ਨੇ ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਜਾਵੇਗੀ। ਫਿਲਹਾਲ ਕੰਮ ਬੰਦ ਕਰਵਾ ਕੇ ਏਰੀਆ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ, ਜੋ ਵੀ ਮਿਲਿਆ ਉਸ ‘ਤੇ ਅਮਲ ਕੀਤਾ ਜਾਵੇਗਾ ਅਤੇ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ।
ਇਸ ਸਬੰਧੀ ਸਿੱਖ ਯੂਥ ਫੈੱਡਰੇਸ਼ਨ ਦੇ ਸੀਨੀਅਰ ਉਪ-ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਵੀ ਅਕਾਲੀ ਸਰਕਾਰ ਸਮੇਂ ਬਾਜ਼ਾਰ ਮਾਈ ਸੇਵਾ ‘ਚ ਕੁਝ ਪੁਰਾਤਨ ਸੁਰੰਗਾਂ ਮਿਲੀਆਂ ਸਨ। ਜਿਸ ਨੂੰ ਉਨ੍ਹਾਂ ਨੇ ਖਤਮ ਕਰ ਦਿੱਤਾ ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੇਂ-ਸਮੇਂ ਪੁਰਾਤਨ ਇਮਾਰਤਾਂ ਦੇ ਰੂਪ ਜਿਵੇਂ ਚਮਕੌਰ ਦੀ ਗੜੀ ‘ਚ ਠੰਡਾ ਬੁਰਜ, ਸਰਹਿੰਦ ਦੀ ਦੀਵਾਰ, ਗੁਰਦੁਆਰਾ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਓੜੀ ਜੋ ਕੰਵਰ ਨੌਂ ਨੇਹਾਲ ਸਿੰਘ ਨੇ ਬਣਵਾਈ ਸੀ, ਦੀ ਪੁਰਾਤਨਤਾ ਖਤਮ ਕਰ ਦਿੱਤੀ ਗਈ ਹੈ। ਇਹ ਜਦੋਂ ਵੀ ਹੋਇਆ ਕਾਰਸੇਵਾ ਵਾਲੇ ਬਾਬਿਆਂ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਅਸਲ ‘ਚ ਹੁਣ ਕਾਰਸੇਵਾ ਨਹੀਂ ਉਜਾੜ ਸੇਵਾ ਬਣ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ ਹੀ ਇਨ੍ਹਾਂ ਬਾਬਿਆਂ ਨੂੰ ਸਾਰੇ ਹੱਕ ਹਕੂਕ ਦੇ ਕੇ ਇਤਿਹਾਸਕ ਇਮਾਰਤਾਂ ਦੀ ਪੁਰਾਤਨਤਾ ਨੂੰ ਖਤਮ ਕਰੀ ਜਾ ਰਹੀ ਹੈ।

Share this Article
Leave a comment