ਅੰਮ੍ਰਿਤਸਰ: ਅੰਮ੍ਰਿਤਸਰ ‘ਚ ਦਸਹਿਰੇ ਮੌਕੇ ਵਾਪਰੇ ਰੇਲ ਹਾਦਸੇ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸ਼ਹਿਰ ਦੇ ਪੂਰਬੀ ਹਿੱਸੇ ਵਿਚ ਪੈਂਦੇ ਜੌੜੇ ਫਾਟਕ ਲਾਗੇ ਜਿਸ ਸਮੇਂ ਰਾਵਣ ਦੇ ਪੁਤਲੇ ਨੂੰ ਲਾਂਬੂ ਲਾਇਆ ਗਿਆ ਉਸੇ ਸਮੇਂ ਰੇਲ ਪਟੜੀ ‘ਤੇ ਖੜੇ ਲੋਕ ਰੇਲ ਗੱਡੀ ਦੀ ਲਪੇਟ ‘ਚ ਆ ਗਏ। ਇਸ ਹਾਦਸੇ ‘ਚ ਨਗਰ ਨਿਗਮ ਅੰਮ੍ਰਿਤਸਰ ਦੇ ਮੁਲਾਜ਼ਮਾਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਜੁਡੀਸ਼ੀਅਲ ਰਿਪੋਰਟ ‘ਚ ਨਗਰ ਨਿਗਮ ਦੇ 4 ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਗਏ ਹਨ।
ਸੇਵਾਮੁਕਤ ਜੱਜ ਅਮਰਜੀਤ ਸਿੰਘ ਕਟਾਰੀ ਦੀ ਅਗਵਾਈ ਵਿੱਚ ਹੋਈ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਹੈ। ਜਿਸ ਵਿਚ ਸੁਸ਼ਾਂਤ ਭਾਟੀਆ , ਪੁਸ਼ਪਿੰਦਰ ਸਿੰਘ , ਕੇਵਲ ਸਿੰਘ , ਗਿਰੀਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਜੋੜੇ ਫਾਟਕ ਕੋਲ 2018 ਨੂੰ ਦੁਸਹਿਰੇ ਵਾਲੇ ਦਿਨ ਸ਼ਾਮੀਂ 6꞉30 ਵਜੇ ਦੇ ਕਰੀਬ ਹਾਦਸਾ ਵਾਪਰਿਆ। ਰਾਵਣ ਦਾ ਪੁਤਲਾ ਜਲਾਉਣ ਮੌਕੇ ਸਮਾਗਮ ਵਿਚ ਕਰੀਬ ਸੱਤ ਹਜ਼ਾਰ ਲੋਕ ਮੈਦਾਨ ਵਿਚ ਪਹੁੰਚੇ ਹੋਏ ਸਨ। ਜਿਸ ਮੌਕੇ ਹਾਦਸਾ ਹੋਇਆ ਡਾਕਟਰ ਨਵਜੋਤ ਕੌਰ ਸਿੱਧੂ ਮੰਚ ‘ਤੇ ਮੌਜੂਦ ਸਨ। ਫ਼ਾਟਕ ਰੇਲ ਪਟੜੀ ’ਤੇ ਖੜ੍ਹੇ ਹੋ ਕੇ ਦਸਹਿਰੇ ਦਾ ਪ੍ਰੋਗਰਾਮ ਦੇਖ ਰਹੇ 60 ਦੇ ਲਗਭਗ ਵਿਅਕਤੀ ਰੇਲ ਗੱਡੀ ਦੀ ਚਪੇਟ ’ਚ ਆ ਕੇ ਮਾਰੇ ਗਏ ਸਨ।