ਅੰਮ੍ਰਿਤਸਰ: ਖੇਤੀ ਕਾਨੂੰਨ ਮੁੱਦੇ ਤੇ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਹੋਰ ਵਧਾਉਣ ਲਈ ਅੱਜ ਅੰਮ੍ਰਿਤਸਰ ਤੋਂ ਇਕ ਹੋਰ ਜਥਾ ਰਵਾਨਾ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣਾ ਚੌਥਾ ਜੱਥਾ ਦਿੱਲੀ ਕੁੰਡਲੀ ਬਾਰਡਰ ਤੇ ਭੇਜ ਦਿੱਤਾ ਹੈ। ਜੱਥਾ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਕੀਤਾ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਸ ਜੱਥੇ ਨਾਲ ਤਰਨਤਾਰਨ, ਜਲੰਧਰ ਅਤੇ ਮਾਲਵੇ ਦੇ ਪਿੰਡਾਂ ‘ਚੋਂ ਲੋਕ ਜੁੜਦੇ ਜਾਣਗੇ। ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨਾਂ ਨੇ ਟਰਾਲੀਆਂ ‘ਚ ਖਾਸ ਪ੍ਰਬੰਧ ਕੀਤੇ ਹੋਏ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਦਿੱਲੀ ਵੱਲ ਚਾਲੇ ਲਗਾਤਾਰ ਪੈਂਦੇ ਜਾਣਗੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਗਲਾ ਜੱਥਾ 20 ਜਨਵਰੀ ਨੂੰ ਭੇਜਿਆ ਜਾਵੇਗਾ। 26 ਜਨਵਰੀ ਮੌਕੇ ਕਿਸਾਨ ਪਰੇਡ ਨੂੰ ਧਿਆਨ ‘ਚ ਰੱਖਦੇ ਹੋਏ ਦਿੱਲੀ ਨੂੰ ਵੱਧ ਤੋਂ ਵੱਧ ਟਰੈਕਟਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।