ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ ਦੀ ਅਗਵਾਈ ਵਿੱਚ ਕੀਤਾ ਗਿਆ । 15 ਕਰੋੜ ਦੇ ਮੈਡੀਕਲ ਡਰੱਗ ਮਾਮਲੇ ‘ਚ ਨਾਮਜ਼ਦ ਕੀਤੇ ਗਏ ਰਾਜੀਵ ਭਗਤ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਡਰੱਗ ਕਨੈਕਸ਼ਨ ਦੇ ਦੋਸ਼ਾਂ ਤਹਿਤ ਯੂਥ ਅਕਾਲੀ ਦਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਗਿਆ ।
ਇਸ ਦੌਰਾਨ ਯੂਥ ਅਕਾਲੀ ਵਰਕਰ ਪੁਲਿਸ ਨਾਲ ਭਿੜ ਗਏ। ਦੋਵਾਂ ਧਿਰਾਂ ਵਿਚ ਕਾਫੀ ਧੱਕਾਮੁੱਕੀ ਹੋਈ ਹੈ।ਪੁਲਿਸ ਨੇ ਇਸ ਦੌਰਾਨ ਜੋਧ ਸਿੰਘ ਸਮਰਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਐਸਓਆਈ ਦੇ ਮਾਝਾ ਜ਼ੋਨ ਦੇ ਪ੍ਰਧਾਨ ਗੌਰਵ ਵਲਟੋਹਾ ‘ਤੇ ਬਾਕੀ ਵਰਕਰਾਂ ਨੂੰ ਮੌਕੇ ‘ਤੇ ਹਿਰਾਸਤ ‘ਚ ਲੈ ਲਿਆ ਤੇ ਕੰਪਨੀ ਬਾਗ ਦੇ ਨੇੜੇ ਜਾ ਕੇ ਰਿਹਾਅ ਕਰ ਦਿੱਤਾ।ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਨ।ਇਸ ਮੌਕੇ ਆਗੂਆਂ ਨੇ ਰਾਜੀਵ ਭਗਤ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਖਿਲਾਫ ਮਾਮਲਾ ਦਰਜ ਕਰ ਜਾਂਚ ਦੀ ਮੰਗ ਕੀਤੀ ਹੈ।