ਅੰਮ੍ਰਿਤਪਾਲ ਦੀ ਪੈਰੋਲ ‘ਤੇ ਫਿਰ ਲੱਗਿਆ ਬ੍ਰੇਕ! ਦਾਦੀ ਦੇ ਸਸਕਾਰ ਲਈ ਪਰਿਵਾਰ ਨੇ ਬਦਲੀ ਤਰੀਕ!

raajan tiwari
4 Min Read

Punjab News : ਇੱਕ ਪਾਸੇ ਪਰਿਵਾਰ ਵਿੱਚ ਸੋਗ ਦਾ ਮਾਹੌਲ… ਦੂਜੇ ਪਾਸੇ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਦੀ ਪੈਰੋਲ ਨੂੰ ਲੈ ਕੇ ਕਾਨੂੰਨੀ ਲੜਾਈ… ਅਤੇ ਹੁਣ ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਵੱਡਾ ਮੋੜ ਆ ਗਿਆ ਹੈ।ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੇ ਸਸਕਾਰ ਦੀ ਤਰੀਕ ਇੱਕ ਵਾਰ ਫਿਰ ਬਦਲ ਦਿੱਤੀ ਗਈ ਹੈ। ਪਹਿਲਾਂ 14 ਨਵੰਬਰ ਨੂੰ ਸਸਕਾਰ ਹੋਣਾ ਸੀ, ਪਰ ਪੈਰੋਲ ਨਾ ਮਿਲਣ ਕਾਰਨ ਇਸ ਨੂੰ 17 ਨਵੰਬਰ ਤੱਕ ਅੱਗੇ ਪਾਇਆ ਗਿਆ। ਹੁਣ ਪਰਿਵਾਰ ਨੇ 17 ਨਵੰਬਰ ਦੀ ਥਾਂ 20 ਨਵੰਬਰ ਨੂੰ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ 22 ਨਵੰਬਰ ਨੂੰ ਮਾਤਾ ਚਰਨ ਕੌਰ ਦੀ ਅੰਤਿਮ ਅਰਦਾਸ ਕੀਤੀ ਜਾਵੇਗੀ। ਦਰਅਸਲ, ਮਾਤਾ ਚਰਨ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਤਿੰਨ ਘੰਟਿਆਂ ਦੀ ਪੈਰੋਲ ਦੇਣ ਦੀ ਮੰਗ ਕੀਤੀ ਗਈ ਸੀ। ਪਰ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਉਨ੍ਹਾਂ ਨੂੰ ਨਿਰਧਾਰਤ ਸਮੇਂ ‘ਤੇ ਪੈਰੋਲ ਨਹੀਂ ਮਿਲ ਸਕੀ। ਹੁਣ ਅੰਮ੍ਰਿਤਪਾਲ ਸਿੰਘ ਦੇ ਵਕੀਲ ਕਰਮਵੀਰ ਸਿੰਘ ਨੇ ਦੱਸਿਆ ਹੈ ਕਿ ਪੈਰੋਲ ਮਿਲਣ ਵਿੱਚ ਕਈ ਤਰ੍ਹਾਂ ਦੀ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਪੈਰੋਲ ਵਿੱਚ ਹੋਰ ਦੇਰੀ ਹੁੰਦੀ ਹੈ ਤਾਂ ਸਸਕਾਰ ਦੀ ਤਰੀਕ ਵੀ ਅੱਗੇ ਕੀਤੀ ਜਾਵੇਗੀ। ਵਕੀਲ ਮੁਤਾਬਕ ਪਰਿਵਾਰ ਹੁਣ ਪੈਰੋਲ ਦੀ ਮੰਗ ਨੂੰ ਲੈ ਕੇ ਹਾਈਕੋਰਟ ਤੱਕ ਪਹੁੰਚ ਕਰੇਗਾ।

ਇਹ ਵੀ ਪੜ੍ਹੌ :   PR ਯੋਜਨਾ ਨੂੰ ਲੈ ਕੇ ਕੈਨੇਡਾ ‘ਚ ਸਿਆਸੀ ਘਮਾਸਾਣ! ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਿਆ! ਮਾਹਿਰਾਂ ਨੇ ਸਰਕਾਰ ਦੇ ਅੰਕੜਿਆਂ ਦੀ ਖੋਲ੍ਹੀ ਪੋਲ!

ਉੱਧਰ ਅਦਾਲਤ ਵੱਲੋਂ ਪੈਰੋਲ ਲਈ ਕੁਝ ਸਖ਼ਤ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਇਨ੍ਹਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਸਿਰਫ਼ ਆਪਣੇ ਪਿੰਡ ਵਿੱਚ ਹੀ ਰਹਿਣਾ ਹੋਵੇਗਾ। ਉਹ ਆਪਣੇ ਖ਼ਿਲਾਫ਼ ਚੱਲ ਰਹੇ ਕੇਸਾਂ ਦੇ ਸਰਕਾਰੀ ਗਵਾਹਾਂ ਨਾਲ ਕੋਈ ਸੰਪਰਕ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਮੀਡੀਆ ਨਾਲ ਗੱਲਬਾਤ ਕਰਨ, ਕਿਸੇ ਜਨਤਕ ਇਕੱਠ ਨੂੰ ਸੰਬੋਧਨ ਕਰਨ ਅਤੇ ਪਰਿਵਾਰ ਤੋਂ ਇਲਾਵਾ ਹੋਰ ਲੋਕਾਂ ਨੂੰ ਮਿਲਣ ‘ਤੇ ਵੀ ਪਾਬੰਦੀ ਹੋਵੇਗੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਸੁਰੱਖਿਆ ਲਈ ਪੁਲਿਸ ਐਸਕਾਰਟ ਦਾ ਖ਼ਰਚਾ ਵੀ ਖੁਦ ਚੁੱਕਣਾ ਪਵੇਗਾ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਅਸਥੀਆਂ ਇਕੱਠੀਆਂ ਕਰਨ ਅਤੇ ਭੋਗ ਸਮਾਗਮ ਵਿੱਚ ਵੀ ਸਰੀਰਕ ਤੌਰ ‘ਤੇ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜੋੜਨ ਦੀ ਵਿਵਸਥਾ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ ਅਤੇ ਕਰੀਬ 1 ਲੱਖ 97 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਉਹ ਇਸ ਸਮੇਂ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ‘ਤੇ 2023 ਵਿੱਚ ਅਜਨਾਲਾ ਥਾਣੇ ਨਾਲ ਜੁੜੀ ਹਿੰਸਕ ਘਟਨਾ ਸਮੇਤ ਕਈ ਮਾਮਲੇ ਦਰਜ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਪੈਰੋਲ ਮਿਲੇਗੀ ਜਾਂ ਨਹੀਂ ਅਤੇ ਹਾਈਕੋਰਟ ਵਿੱਚ ਇਸ ਮਾਮਲੇ ਦਾ ਕੀ ਰੁਖ਼ ਰਹਿੰਦਾ ਹੈ।

Share This Article
Leave a Comment