ਨਿਊਜਰਸੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਸਿੱਖ ਸੰਗਤ ਦੇ ਮਨਾਂ ਅੰਦਰ ਖੁਸ਼ੀ ਅਤੇ ਬੇਸਬਰੀ ਦਾ ਆਲਮ ਪਾਇਆ ਜਾ ਰਿਹਾ ਹੈ, ਪਰ ਇਹ ਖੁਸੀ ਉਸ ਵੇਲੇ ਫਿੱਕੀ ਪੈ ਜਾਂਦੀ ਹੈ ਜਦੋਂ ਕਈ ਵਾਰ ਇੱਥੇ ਗੁਰਧਾਮਾਂ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਵਾਪਸੀ ਵੇਲੇ ਬਾਰਡਰ ਤੇ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਖੱਜ਼ਲ ਖੁਆਰ ਹੋਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਫਰੈਂਡਜ਼ ਆਫ ਸਿੱਖ ਕੌਂਗਰੈਸਨਲ ਕੌਕਸ ਅਤੇ ਸਿੱਖ ਚੈਂਬਰ ਆਫ ਕਾਮਰਸ ਵੱਲੋਂ ਯੂਐਸ ਕਸਟਮਜ ਐਂਡ ਬਾਰਡਰ ਪ੍ਰੌਟੈਕਸ਼ਨ ਦੇ ਉੱਚ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਇਸ ਮਹਾਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼ਰਧਾਲੂਆਂ ਨੂੰ ਅਜਿਹੀਆਂ ਮੁਸ਼ਕਿਲਾਂ ਵਿਚੋਂ ਨਾ ਗੁਜ਼ਰਨਾ ਪਵੇ।
ਇੱਥੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਆਏ ਮੁਹਤਬਰ ਵਿਅਕਤੀਆਂ ਵਿੱਚ ਸਿੱਖ ਚੈਂਬਰ ਆਫ ਕਾਮਰਸ ਤੋਂ ਯਾਦਵਿੰਦਰ ਸਿੰਘ, ਸਿੱਖ ਕੌਕਸ ਵੱਲੋਂ ਹਰਪ੍ਰੀਤ ਸਿੰਘ ਸੰਧੂ, ਵਾਸ਼ਿੰਗਟਨ ਡੀਸੀ ਏਰੀਏ ਤੋਂ ਬਲਵਿੰਦਰ ਸਿੰਘ ਚੱਠਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੈਨਰੌਕ ਨਿਊਜਰਸੀ ਵੱਲੋਂ ਹਰਭਜਨ ਸਿੰਘ ਵੀ ਮੌਜੂਦ ਸਨ। ਇਸ ਮੌਕੇ ਫਰੈਂਡਜ਼ ਆਫ ਸਿੱਖ ਕੌਂਗਰੈਸ਼ਨਲ ਕੌਕਸ ਅਤੇ ਸਿੱਖ ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ ਨੇ ਇਹਨਾਂ ਉੱਚ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪਾਕਿਸਤਾਨ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਹਾਨ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਵੱਡੀ ਤਾਦਾਦ ਵਿਚ ਸਿੱਖ ਸੰਗਤ ਉੱਥੇ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਵੇਗੀ।
ਸੋ ਉਹਨਾਂ ਦੀ ਰਵਾਨਗੀ ਅਤੇ ਵਾਪਸੀ ਦੌਰਾਨ ਸ਼ਰਧਾਲੂਆਂ ਨਾਲ ਸਹਿਯੋਗ ਕੀਤਾ ਜਾਵੇ। ਉਹਨਾਂ ਦੱਸਿਆ ਕਿ ਵੱਡੀ ਤਾਦਾਦ ਵਿਚ ਲੋਕਾਂ ਦੇ ਦੂਜੇ ਮੁਲਕ ਖਾਸਕਰ ਪਾਕਿਸਤਾਨ ਜਾਣ ਕਾਰਨ ਹਰ ਦੇਸ਼ ਸੋਚਦਾ ਹੈ ਅਤੇ ਸੁਰੱਖਿਆ ਲਈ ਯੋਗ ਕਦਮ ਚੁੱਕੇ ਜਾਣ । ਪਰ ਨੁਮਾਇੰਦਿਆਂ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਅਜਿਹੀ ਕੋਈ ਵੀ ਗਤੀਵਿਧੀ ਸ਼ਰਧਾਲੂਆਂ ਵੱਲੋਂ ਨਹੀਂ ਕੀਤੀ ਜਾ ਰਹੀ ਜਿਸ ਨਾਲ ਸੁਰੱਖਿਆ ਨੂੰ ਕੋਈ ਖਤਰਾ ਹੋਵੇ। ਨੁਮਾਇੰਦਿਆਂ ਅਨੁਸਾਰ ਸ਼ਰਧਾਲੂ ਇੱਥੇ ਸਿਰਫ ਸ਼ਰਧਾ-ਭਾਵਨਾ ਦੇ ਮੰਤਵ ਨਾਲ ਸਿਰਫ ਗੁਰਧਾਮਾਂ ਦੇ ਦਰਸ਼ਨਾ ਅਤੇ ਉੱਥੇ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਸ਼ਮੂਲੀਅਤ ਲਈ ਹੀ ਪਾਕਿਸਤਾਨ ਜਾ ਰਹੇ ਹਨ। ਲਿਹਾਜਾ ਅਧਿਕਾਰੀਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸ਼ੰਕਾ ਹੈ ਤਾਂ ਉਹ ਸਿੱਧੇ ਤੌਰ ਤੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਉਨ੍ਹਾਂ ਵੱਲੋਂ ਯੂਐਸ ਕਸਟਮਜ ਐਂਡ ਬਾਰਡਰ ਪ੍ਰੌਟੈਕਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਉੱਧਰ ਯੂਐਸ ਕਸਟਮਜ ਐਂਡ ਬਾਰਡਰ ਕੰਟਰੋਲ ਦੇ ਓਪਰੇਸ਼ਨ ਡਾਇਰੈਕਟਰ ਲੂਈਸ ਮੇਹੇਆ ਨੇ ਵੀ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਸਾਰੇ ਹੀ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ ਅਤੇ ਹਰ ਸਮੱਸਿਆ ਦਾ ਹੱਲ ਕਰਨ ਵਿਚ ਪੂਰਾ ਸਹਿਯੋਗ ਕਰਦੀ ਹੈ। ਲਿਹਾਜਾ ਸਿੱਖ ਸੰਗਤ ਨੂੰ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਕੌਕਸ ਦੇ ਨੁਮਾਇੰਦਿਆਂ ਵੱਲੋਂ 0015105043374 ਨੰਬਰ ਵੀ ਜਾਰੀ ਕੀਤਾ ਗਿਆ ਜਿੱਥੇ ਸ਼ਰਧਾਲੂ ਹਰਪ੍ਰੀਤ ਸਿੰਘ ਸੰਧੂ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਇਸ ਸਬੰਧ ਵਿਚ ਸ਼ਰਧਾਲੂਆਂ ਨੂੰ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੀ ਸਮੱਸਿਆ ਇੱਥੇ ਸਾਂਝੀ ਕਰਨ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।