ਵਾਸ਼ਿੰਗਟਨ : ਪੂਰੀ ਦੁਨੀਆ ‘ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਵਿਸ਼ਵ ਦੇ ਸਾਰੇ ਵਿਗਿਆਨੀ ਕੋਰੋਨਾ ਮਹਾਮਾਰੀ ਦੀ ਵੈਕਸ਼ੀਨ ਤਿਆਰ ਕਰਨ ‘ਚ ਜੁਟੇ ਹੋਏ ਹਨ ਅਤੇ ਕਈ ਵਿਗਿਆਨੀਆਂ ਨੇ ਤਾਂ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਵੀ ਕੀਤਾ ਹੈ। ਅਜਿਹੇ ‘ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਕੋਲੰਬੀਆ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਨੂੰ ਇੱਕ ਖਾਸ ਤਰ੍ਹਾਂ ਦੀ ਅਲਟ੍ਰਾ ਵਾਇਲਟ (ਯੂਵੀ) ਲਾਈਟ ਨਾਲ ਕੋਰੋਨਾ ਨੂੰ ਖਤਮ ਕੀਤਾ ਜਾ ਸਕਦਾ ਹੈ।
ਰਿਪੋਰਟਾਂ ਅਨੁਸਾਰ ਅਲਟ੍ਰਾ ਵਾਇਲਟ ਲਾਈਟ ਨੂੰ ਕਮਰਿਆਂ ਅਤੇ ਮਸ਼ੀਨਾਂ ਦੀ ਸਾਫ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਅਲਟ੍ਰਾ ਵਾਇਲਟ ਲਾਈਟ (ਯੂਵੀ) ਨਾਲ ਇਨਸਾਨ ਨੂੰ ਅੱਖਾਂ ਦੀ ਬਿਮਾਰੀ ਅਤੇ ਸਕਿਨ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਇਸ ਦੇ ਉਲਟ Far-UVC ਲਾਈਟ ਮਾਈਕ੍ਰੋਬਸ ਨੂੰ ਮਾਰਨ ‘ਚ ਕਾਰਗਰ ਹੁੰਦੇ ਹਨ ਤੇ ਇਸ ਦੀ ਵਰਤੋਂ ਨਾਲ ਸਕਿਨ ਸੈੱਲ ਨਸ਼ਟ ਨਹੀਂ ਹੁੰਦੇ।
ਅਮਰੀਕੀ ਵਿਗਿਆਨੀ ਡੇਵਿਡ ਬ੍ਰੇਨਰ ਜਿਹੜੇ ਕਿ ਸੈਂਟਰ ਆਫ ਰੇਡੀਓਲੌਜ਼ਿਕ ਰਿਸਰਚ ਦੇ ਮੌਜੂਦਾ ਡਾਇਰੈਕਟਰ ਹਨ ਨੇ ਕੋਰੋਨਾ ਵਾਇਰਸ ਦੀ ਹੋਂਦ ਤੋਂ ਪਹਿਲਾਂ ਹੀ Far-UVC ਲਾਈਟ ‘ਤੇ ਅਧਿਐਨ ਕਰ ਰਹੇ ਸੀ। 2018 ‘ਚ ਪ੍ਰਕਾਸ਼ਿਤ ਇੱਕ ਰਿਪੋਰਟ ‘ਚ ਡੇਵਿਡ ਬ੍ਰੇਨਰ ਨੇ ਦਾਅਵਾ ਕੀਤਾ ਸੀ ਕਿ Far-UVC ਲਾਈਟ 95 ਫੀਸਦੀ ਤੱਕ ਕੋਰੋਨਾ ਨੂੰ ਖਤਮ ਕਰਨ ‘ਚ ਕਾਰਗਰ ਹੋ ਸਕਦੀ ਹੈ। ਹਾਲਾਂਕਿ Far-UVC ਲਾਈਟ ਦੀ ਵਰਤੋਂ ਨੂੰ ਅਜੇ ਤੱਕ ਅਮਰੀਕੀ ਸਰਕਾਰੀ ਏਜੰਸੀ ਦੀ ਮਨਜ਼ੂਰੀ ਨਹੀਂ ਮਿਲ ਪਾਈ ਹੈ।
ਦੱਸ ਦਈਏ ਕਿ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 42 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 7 ਲੱਖ 90 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਅਮਰੀਕਾ ਦੇ ਸ਼ਹਿਰ ਨਿਊਯਾਰਕ ‘ਚ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਜਦਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 1 ਲੱਖ 70 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 24 ਲੱਖ ਲੋਕ ਸੰਕਰਮਿਤ ਹਨ।