ਅਮਰੀਕਾ ਵਲੋਂ ਹੁਣ ਵਿਦਿਆਰਥੀ ਵੀਜ਼ੇ ਦੀ ਮਨਜ਼ੂਰੀ ‘ਤੇ ਵਧੇਰੇ ਸਖ਼ਤੀ ਕੀਤੀ ਜਾ ਰਹੀ ਹੈ। ਪਿਛਲੇ ਇੱਕ ਦਹਾਕੇ ‘ਚ ਤੋਂ ਰਿਜੈਕਸ਼ਨ ਦਰ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਚੁੱਕੀ ਹੈ। ਅਮਰੀਕਾ ਨੇ ਪਿਛਲੇ ਆਰਥਿਕ ਸਾਲ (ਅਕਤੂਬਰ 2023 ਤੋਂ ਸਤੰਬਰ 2024 ਤੱਕ) 41 ਫੀਸਦ F-1 ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ।
ਦਿ ਇੰਡੀਅਨ ਐਕਸਪ੍ਰੈਸ ਨੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। 2023-24 ਵਿੱਚ ਕੁੱਲ 6.79 ਲੱਖ F-1 ਵੀਜ਼ਾ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ 2.79 ਲੱਖ (41 ਫੀਸਦ ) ਅਸਵੀਕਾਰ ਹੋਈਆਂ। 2022-23 ਵਿੱਚ ਇਹ ਦਰ 36 ਫੀਸਦ ਸੀ (ਕੁੱਲ 6.99 ਲੱਖ ਵਿੱਚੋਂ 2.53 ਲੱਖ ਅਸਵੀਕਾਰ)। ਹਾਲਾਂਕਿ, ਅਮਰੀਕੀ ਸਰਕਾਰ ਨੇ ਕਿਸੇ ਵੀ ਖ਼ਾਸ ਦੇਸ਼ ਦੀ ਅਸਵੀਕਾਰ ਦਰ ਨੂੰ ਜਨਤਕ ਨਹੀਂ ਕੀਤਾ।
F-1 ਵੀਜ਼ਾ ਕੀ ਹੁੰਦਾ ਹੈ?
F-1 ਵੀਜ਼ਾ ਇੱਕ ਗੈਰ-ਆਵਾਸੀ ਵਿਦਿਆਰਥੀ ਵੀਜ਼ਾ ਸ਼੍ਰੇਣੀ ਹੈ, ਜੋ ਅਮਰੀਕਾ ਦੇ ਅਕਾਦਮਿਕ ਸੰਸਥਾਨਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਇਸਦੇ ਉਲਟ, M-1 ਵੀਜ਼ਾ ਵਿਆਪਾਰਕ ਅਤੇ ਗੈਰ-ਅਕਾਦਮਿਕ ਕੋਰਸਾਂ ਲਈ ਹੁੰਦਾ ਹੈ। F-1 ਵੀਜ਼ਾ ਹੀ ਅਮਰੀਕਾ ‘ਚ 90 ਫੀਸਦ ਤੋਂ ਵੱਧ ਵਿਦਿਆਰਥੀ ਵੀਜ਼ਿਆਂ ਦੀ ਹਿੱਸੇਦਾਰੀ ਰੱਖਦਾ ਹੈ।
ਨਿਰੰਤਰ ਗਿਰਾਵਟ ਜਾਰੀ
ਇੰਡੀਅਨ ਐਕਸਪ੍ਰੈਸ ਨੇ ਪਿਛਲੇ ਸਾਲ 9 ਦਸੰਬਰ ਨੂੰ ਦੱਸਿਆ ਸੀ ਕਿ 2024 ਦੇ ਪਹਿਲੇ 9 ਮਹੀਨਿਆਂ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ 2023 ਦੀ ਇਸੇ ਮਿਆਦ ਦੇ ਮੁਕਾਬਲੇ 38 ਫੀਸਦ ਘੱਟ ਗਈ ਹੈ। ਅੰਕੜਿਆਂ ਦੇ ਅਨੁਸਾਰ, ਪਿਛਲੇ ਦਹਾਕੇ ਦੌਰਾਨ ਸਾਰੇ ਦੇਸ਼ਾਂ ਤੋਂ ਕੁੱਲ ਅਰਜ਼ੀਆਂ ਦੀ ਗਿਣਤੀ ਵਿੱਚ ਗਿਰਾਵਟ ਦੇ ਬਾਵਜੂਦ, ਵਿਦਿਆਰਥੀ ਵੀਜ਼ਾ ਰੱਦ ਹੋਣ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਇਆ ਹੈ। 2014-15 ਵਿੱਚ ਅਰਜ਼ੀਆਂ ਦੀ ਕੁੱਲ ਗਿਣਤੀ 8.56 ਲੱਖ ਤੱਕ ਪਹੁੰਚ ਗਈ, ਪਰ ਅਗਲੇ ਕੁਝ ਸਾਲਾਂ ਵਿੱਚ ਇਸ ਵਿੱਚ ਲਗਾਤਾਰ ਗਿਰਾਵਟ ਆਈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਅਰਜ਼ੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਪਰ 2023-24 ਵਿੱਚ ਗਿਰਾਵਟ ਦੇਖੀ ਗਈ ਹੈ। 2023-24 ਵਿੱਚ ਕੁੱਲ 4.01 ਲੱਖ F-1 ਵੀਜ਼ੇ ਜਾਰੀ ਕੀਤੇ ਗਏ ਸਨ, ਜੋ ਪਿਛਲੇ ਸਾਲ (4.45 ਲੱਖ) ਨਾਲੋਂ ਘੱਟ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।