ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਕੀਤਾ ਹਮਲਾ; ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਫਿਰ ਤੋਂ ਕੀਤਾ SEAL !

Global Team
3 Min Read

ਤੇਹਰਾਨ : ਮਿਡਲ ਈਸਟ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਹਮਲੇ ਕੀਤੇ ਹਨ, ਜਿਸ ਨਾਲ ਪੂਰੇ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਅਮਰੀਕੀ ਸੈਨਾ ਦੇ ਸੈਂਟਰਲ ਕਮਾਂਡ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਈਰਾਨ ਵਿੱਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ “ਆਤਮ-ਰੱਖਿਆ ਵਿੱਚ ਹਮਲੇ” ਸ਼ੁਰੂ ਕੀਤੇ ਗਏ ਹਨ।

ਅਮਰੀਕਾ ਨੇ ਵੀਰਵਾਰ ਸਵੇਰੇ ਈਰਾਨ ਦੇ ਕਈ ਟਿਕਾਣਿਆਂ ‘ਤੇ ਨਵੇਂ ਹਵਾਈ ਹਮਲੇ ਕੀਤੇ ਹਨ। ਅਪ੍ਰੈਲ ਵਿੱਚ ਹੋਈ ਜੰਗਬੰਦੀ ਤੋਂ ਬਾਅਦ ਲਗਾਤਾਰ ਦੂਜੇ ਦਿਨ ਇਹ ਵੱਡਾ ਹਮਲਾ ਹੈ। ਕੇਸ਼ਮ ਟਾਪੂ , ਬੰਦਰ ਅੱਬਾਸ, ਮੀਨਾਬ ਅਤੇ ਸੀਰਿਕ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਦੋਂ ਕਿ ਕਈ ਇਲਾਕਿਆਂ ਵਿੱਚ ਏਅਰ ਡਿਫੈਂਸ ਸਿਸਟਮ ਐਕਟਿਵ ਕਰ ਦਿੱਤੇ ਗਏ।

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਿਕ ਵੀਰਵਾਰ ਤੜਕੇ ਈਰਾਨ ਦੇ ਕਈ ਹਿੱਸਿਆਂ ਵਿੱਚ ਫਿਰ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਸਰਕਾਰੀ ਮੀਡੀਆ ਦੀਆਂ ਵੱਖ-ਵੱਖ ਰਿਪੋਰਟਾਂ ਮੁਤਾਬਕ, ਰਾਜਧਾਨੀ ਤੇਹਰਾਨ ਦੇ ਨੇੜੇ ਸਥਿਤ ਐਸ਼ਤੇਹਾਰਡ, ਅਬਯੇਕ, ਵਰਾਮੀਨ ਅਤੇ ਕਰਾਜ ਵਰਗੇ ਸ਼ਹਿਰਾਂ; ਈਰਾਨ ਦੇ ਦੱਖਣੀ ਤੱਟ ‘ਤੇ ਹੋਰਮੁਜ਼ ਜਲਡਮਰੂਮੱਧ ਦੇ ਨੇੜੇ ਸਿਰਿਕ; ਅਤੇ ਫ਼ਾਰਸ ਦੀ ਖਾੜੀ ਵਿੱਚ ਤੇਲ ਦੇ ਇੱਕ ਅਹਿਮ ਕੇਂਦਰ ਖਾਰਗ ਟਾਪੂ ‘ਤੇ ਧਮਾਕੇ ਸੁਣੇ ਗਏ।

ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਤੇਜ਼ੀ ਨਾਲ ਨਾਜ਼ੁਕ ਹੁੰਦੀ ਜਾ ਰਹੀ ਹੈ, ਅਤੇ ਖੇਤਰ ਵਿੱਚ ਇੱਕ ਵੱਡੇ ਫੌਜੀ ਟਕਰਾਅ ਦਾ ਖ਼ਤਰਾ ਫਿਰ ਤੋਂ ਵੱਧ ਗਿਆ ਹੈ। ਈਰਾਨ ਦੀ ਸੈਨਾ ਨੇ ਕਿਹਾ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਹੋਰਮੁਜ਼ ਜਲਡਮਰੂਮੱਧ ਨੂੰ ਸਾਰੇ ਜਹਾਜ਼ਾਂ ਲਈ “ਤੁਰੰਤ ਪ੍ਰਭਾਵ ਤੋਂ” ਬੰਦ ਕਰ ਦਿੱਤਾ ਜਾਵੇਗਾ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਤੇਲ ਟੈਂਕਰਾਂ ਅਤੇ ਵਪਾਰਕ ਜਹਾਜ਼ਾਂ ਸਮੇਤ ਕੋਈ ਵੀ ਜਹਾਜ਼ ਇਸ ਰਣਨੀਤਕ ਜਲਮਾਰਗ ਤੋਂ ਲੰਘਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ‘ਤੇ ਹਮਲਾ ਕੀਤਾ ਜਾਵੇਗਾ। ਹਾਲਾਂਕਿ, ਅਮਰੀਕੀ ਸੈਂਟਰਲ ਕਮਾਂਡ ਨੇ ਇੱਕ ਬਿਆਨ ਵਿੱਚ ਇਸ ਦਾਅਵੇ ਨੂੰ ਖਾਰਜ ਕੀਤਾ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਸਮਝੌਤੇ ਦੀ ਗੱਲਬਾਤ ਵਿੱਚ ਦੇਰੀ ਕਰ ਰਿਹਾ ਹੈ, ਇਸ ਲਈ ਅਮਰੀਕਾ ਦਬਾਅ ਬਣਾ ਕੇ ਰੱਖੇਗਾ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਕਿਹਾ ਕਿ ਉਸਨੇ ਟਰੰਪ ਦੇ ਹੁਕਮਾਂ ‘ਤੇ ਈਰਾਨ ਦੇ ਅੰਦਰ ਕਈ ਟਿਕਾਣਿਆਂ ‘ਤੇ “ਆਤਮ-ਰੱਖਿਆ ਵਿੱਚ ਹਮਲੇ” ਸ਼ੁਰੂ ਕੀਤੇ ਹਨ। CENTCOM ਨੇ ਇੱਕ ਬਿਆਨ ਵਿੱਚ ਕਿਹਾ, “ਇਹ ਹਮਲੇ ਈਰਾਨ ਦੀ ਬਿਨਾਂ ਵਜ੍ਹਾ ਅਤੇ ਲਗਾਤਾਰ ਹਮਲਾਵਰਤਾ ਦੇ ਜਵਾਬ ਵਿੱਚ ਕੀਤੇ ਗਏ ਹਨ।”

Share This Article
Leave a Comment