ਨਿਊਯਾਰਕ : ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 11 ਭਾਰਤੀਆਂ ‘ਤੇ ਫਰਜ਼ੀ ਲੁੱਟ ਦੀਆਂ ਘਟਨਾਵਾਂ ਕਰਵਾ ਕੇ U-ਵੀਜ਼ਾ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਹਨ। ਅਮਰੀਕਾ ਦਾ U-ਵੀਜ਼ਾ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜੋ ਕਿਸੇ ਵੱਡੇ ਅਪਰਾਧ ਦਾ ਸ਼ਿਕਾਰ ਹੁੰਦੇ ਹਨ ਅਤੇ ਜਾਂਚ ਵਿੱਚ ਪੁਲਿਸ ਦੀ ਮਦਦ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਬਾਅਦ ਵਿੱਚ ਗ੍ਰੀਨ ਕਾਰਡ ਵੀ ਮਿਲ ਸਕਦਾ ਹੈ।
ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਦੁਕਾਨਾਂ ਵਿੱਚ ਨਕਲੀ ਡਕੈਤੀ ਕਰਵਾਉਂਦੇ ਸਨ। ਮੁਲਜ਼ਮਾਂ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ (ਮੈਸਾਚੂਸਟਸ, ਕੈਂਟਕੀ, ਓਹਾਇਓ) ਵਿੱਚ ਕਨਵੀਨੀਅੰਸ ਸਟੋਰਾਂ ਅਤੇ ਸ਼ਰਾਬ ਦੇ ਠੇਕਿਆਂ ‘ਤੇ ਫ਼ਰਜ਼ੀ ਹਥਿਆਰਬੰਦ ਡਕੈਤੀਆਂ ਕਰਵਾਈਆਂ। ਇਸ ਦਾ ਮਕਸਦ ਸਟੋਰ ‘ਤੇ ਮੌਜੂਦ ਕਲਰਕਾਂ ਨੂੰ ਖ਼ੁਦ ਨੂੰ ‘ਹਿੰਸਕ ਅਪਰਾਧ ਦਾ ਸ਼ਿਕਾਰ’ ਦਿਖਾਉਣ ਦਾ ਮੌਕਾ ਦੇਣਾ ਸੀ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਜਿਤੇਂਦਰ ਕੁਮਾਰ ਪਟੇਲ 39, ਮਹੇਸ਼ ਕੁਮਾਰ ਪਟੇਲ 36, ਸੰਜੇ ਕੁਮਾਰ ਪਟੇਲ 45, ਦੀਪਿਕਾ ਬੇਨ ਪਟੇਲ 40, ਰਮੇਸ਼ ਭਾਈ ਪਟੇਲ 52, ਅਮਿਤਾਭ ਹੇਨ ਪਟੇਲ 43, ਰੌਣਕ ਕੁਮਾਰ ਪਟੇਲ 28, ਸੰਗੀਤਾ ਬੇਨ ਪਟੇਲ 36, ਮਿੰਕੇਸ਼ ਪਟੇਲ 42, ਸੋਨਲ ਪਟੇਲ 42 ਅਤੇ ਮਿਤੁਲ ਪਟੇਲ 40, ‘ਤੇ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ 6 ਮੁਲਜ਼ਮ ਬੋਸਟਨ ਦੀ ਫੈਡਰਲ ਕੋਰਟ ਵਿੱਚ ਪੇਸ਼ ਹੋਏ, ਜਦਕਿ ਬਾਕੀਆਂ ਨੂੰ ਮੈਸਾਚੂਸਟਸ, ਕੈਂਟਕੀ ਅਤੇ ਓਹਾਇਓ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੱਕ ਮੁਲਜ਼ਮ ਨੂੰ ਪਹਿਲਾਂ ਹੀ ਭਾਰਤ ਭੇਜਿਆ ਜਾ ਚੁੱਕਾ ਹੈ। ਦੋਸ਼ ਸਾਬਤ ਹੋਣ ‘ਤੇ 5 ਸਾਲ ਤੱਕ ਦੀ ਜੇਲ੍ਹ ਅਤੇ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

