ਮੁਹਾਲੀ: ਮੁਹਾਲੀ ਨਗਰ ਨਿਗਮ ਦੀ ਅੱਜ ਦੀ ਮੀਟਿੰਗ ਵਿੱਚ ਚੁਣੇ ਗਏ ਕੌਂਸਲਰਾਂ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸ਼ਹਿਰ ਦਾ ਮੇਅਰ ਚੁਣਿਆ ਹੈ।
ਡਵੀਜ਼ਨਲ ਕਮਿਸ਼ਨਰ ਦੀ ਹਾਜ਼ਰੀ ‘ਚ 50 ਕੌਂਸਲਰਾਂ ਨੇ ਵੀ ਸਹੁੰ ਚੁੱਕ ਲਈ ਜਦਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਹਰਾਉਣ ਵਾਲੇ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ ਜਦਕਿ ਕੁਲਜੀਤ ਸਿੰਘ ਬੇਦੀ ਨੂੰ ਡਿਪਟੀ ਮੇਅਰ ਨਿਯੁਕਤ ਕਰ ਦਿੱਤਾ ਹੈ।
ਮੁਹਾਲੀ ਕਾਰਪੋਰੇਸ਼ਨ ਵਿੱਚ ਇਸ ਚੋਣ ਦੇ ਦੌਰਾਨ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਿਹਤ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਹਾਜ਼ਰ ਰਹੇ। ਇਸ ਮੌਕੇ ਹਾਜ਼ਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਵੇਂ ਬਣੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਨੂੰ ਸੇਫ ਅਤੇ ਸਾਫ਼ ਸੁਥਰਾ ਬਣਾਇਆ ਜਾਵੇਗਾ ਸ਼ਹਿਰ ‘ਚੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਖ਼ਤਮ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।