ਹੁਣ ਕੈਪਟਨ ਦੇ ਪੁੱਤਰ ਰਣਇੰਦਰ ਨੂੰ ਈਡੀ ਨੇ 6 ਨਵੰਬਰ ਨੂੰ ਪੇਸ਼ ਹੋਣ ਦਾ ਦਿੱਤਾ ਨੋਟਿਸ

TeamGlobalPunjab
2 Min Read

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਨੇ ਪੇਸ਼ ਹੋਣ ਲਈ ਹੁਣ ਨਵੀਂ ਤਰੀਕ ਦਿੱਤੀ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨਵਾਂ ਨੋਟਿਸ ਜਾਰੀ ਕਰਦੇ ਹੋਏ ਰਣਇੰਦਰ ਸਿੰਘ ਨੂੰ ਹੁਣ ਜਲੰਧਰ ਵਿਖੇ ਦਫ਼ਤਰ ‘ਚ 6 ਨਵੰਬਰ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਨੂੰ 27 ਅਕਤੂਬਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਦਫ਼ਤਰ ਨਹੀਂ ਪਹੁੰਚੇ ਸਨ।

ਰਣਇੰਦਰ ਸਿੰਘ ਨੇ ਆਪਣੇ ਵਕੀਲ ਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਰਾਹੀਂ ਈਡੀ ਨੂੰ ਜਾਣਕਾਰੀ ਦਿੱਤੀ ਕਿ ਓਲੰਪਿਕ 2021 ਖੇਡਾਂ ਦੇ ਮਾਮਲੇ ‘ਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਕੋਲ ਪੇਸ਼ ਹੋਏ ਨੇ ਇਸ ਲਈ ਉਹ ਅੱਜ ਈਡੀ ਸਾਹਮਣੇ ਹਾਜ਼ਰ ਨਹੀਂ ਹੋ ਸਕੇ। ਐਡਵੋਕੇਟ ਜੈਵੀਰ ਨੇ ਕਿਹਾ ਕਿ ਈਡੀ ਦੇ ਨੋਟਿਸ ਵਿੱਚ ਇਹ ਵੀ ਸਪਸ਼ਟ ਨਹੀਂ ਹੈ ਕਿ ਕਿਸ ਕੇਸ ਨੂੰ ਸੰਮਨ ਭੇਜਿਆ ਗਿਆ ਹੈ।

ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਸਵਿਟਜ਼ਰਲੈਂਡ ਨੂੰ ਕਥਿਤ ਤੌਰ ‘ਤੇ ਭੇਜੇ ਗਏ ਫੰਡ ਅਤੇ ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜ਼ਨ ਆਈਲੈਂਡ ‘ਚ ਪੈਸੇ ਦਾ ਕਥਿਤ ਤੌਰ ‘ਤੇ ਲੈਣ-ਦੇਣ ਕਰਨ ਵਾਸਤੇ ਪੁੱਛ ਪੜਤਾਲ ਕੀਤੀ ਸੀ। ਇਸ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਈਡੀ ਨੇ ਰਣਇੰਦਰ ਸਿੰਘ ਨੂੰ ਚਾਰ ਸਾਲ ਪਹਿਲਾਂ ਸਾਲ 2016 ‘ਚ ਵੀ ਤਲਬ ਕੀਤਾ ਸੀ। ਉਦੋਂ ਰਣਇੰਦਰ ਸਿੰਘ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਗਈ ਸੀ।

Share this Article
Leave a comment