ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ਆਪ’ ‘ਤੇ ਬੇਤੁਕੇ ਇਲਜ਼ਾਮ ਨਾ ਲਗਾਉਣ ਅਮਰਿੰਦਰ ਸਿੰਘ : ਆਪ

TeamGlobalPunjab
3 Min Read

ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਦੁਬਾਰਾ ਫਿਰ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕਰੋਨਾ ਵਿਰੁੱਧ ਲੜਾਈ ‘ਚ ਸੂਬਾ ਸਰਕਾਰ ਪੂਰੀ ਤਰਾਂ ਫੇਲ ਹੋ ਗਈ ਹੈ ਅਤੇ ਆਪਣੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਮੁੱਖ ਮੰਤਰੀ ਆਮ ਆਦਮੀ ਪਾਰਟੀ ਉੱਤੇ ਬੇਤੁਕੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਅਮਰਿੰਦਰ ਸਿੰਘ ਦੀ ਬੁਖਲਾਹਟ ਭਰੀ ਅਜਿਹੀ ਬੇਤੁੱਕੀ ਬਿਆਨਬਾਜ਼ੀ ਨਾ ਕੇਵਲ ਮੰਦਭਾਗੀ ਹੈ, ਸਗੋਂ ਕਰੋਨਾ ਵਿਰੁੱਧ ਲੜੀ ਜਾਣ ਵਾਲੀ ਲੜਾਈ ਨੂੰ ਖੰਡਿਤ ਕਰਦੀ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਕਿਹਾ ਕਿ ਕਰੋਨਾ ਦੇ ਮਰੀਜਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਵੱਧ ਰਹੀ ਹੈ। ਕਰੋਨਾ ਨਾਲ ਮੌਤਾਂ ਦੀ ਦਰ ‘ਚ ਪੰਜਾਬ ਦੇਸ਼ ਭਰ ‘ਚੋ ਤੀਜੇ ਸਥਾਨ ‘ਤੇ ਆ ਗਿਆ ਹੈ। ਵੱਡੇ ਸ਼ਹਿਰਾਂ ਤੋਂ ਬਾਅਦ ਕਰੋਨਾ ਦਾ ਪ੍ਰਕੋਪ ਛੋਟੇ ਸ਼ਹਿਰਾਂ – ਕਸਬਿਆਂ ਅਤੇ ਪਿੰਡਾਂ ‘ਚ ਵੀ ਵਧਣਾ ਅਤਿ ਚਿੰਤਾਜਨਕ ਹੈ। ਇਕ ਜ਼ਿਮੇਵਾਰ ਅਤੇ ਸੰਵੇਦਨਸ਼ੀਲ ਸਰਕਾਰ ਵਾਂਗ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਵਿਰੋਧੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ / ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੀ ਤਾਕਤ ਨਾਲ ਲੋਕਾਂ ‘ਚ ਉਤਰਨ ਅਤੇ ਆਪਣੇ ਫਲਾਪ ਹੋ ਚੁਕੇ ‘ਮਿਸ਼ਨ ਫਤਿਹ’ ਨੂੰ ਕਾਮਯਾਬ ਕਰਨ।

ਆਪ ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਉੱਤੇ ਬੇਹੁਦਾ ਅਤੇ ਬੇਬੁਨਿਆਦ ਦੋਸ਼ ਨਾਲ ਸਰਕਾਰ ਦੀ ਨਾਕਾਮੀ ਲੁਕੋਈ ਨਹੀਂ ਜਾ ਸਕਦੀ। ‘ਆਪ’ ਆਗੂਆਂ ਨੇ ਪਲਟਵਾਰ ਕਰਦਿਆਂ ਕਿਹਾ ਕਿ ‘ਅਫਵਾਹਾਂ’ ਫੈਲਾਉਣ ਵਾਲੇ ਜਿਸ ਅਮਰਿੰਦਰ ਸਿੰਘ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸਦਾ ਆਮ ਆਦਮੀ ਪਾਰਟੀ ਨਾਲ ਕੋਈ ਸੰਬੰਧ ਨਹੀਂ, ਉਲਟਾ ਉਹ (ਅਮਰਿੰਦਰ ਸਿੰਘ) ਵਿਅਕਤੀ ਕਾਂਗਰਸ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ। ਮੁੱਖਮੰਤਰੀ ‘ਚ ਹਿੰਮਤ ਹੈ ਤਾਂ ਉਹਨਾਂ ਕਾਂਗਰਸੀਆਂ ਨਾਲ ਪੰਗਾ ਲੈਣ ਦੀ ਜ਼ੁਅਰਤ ਕਰਨ। ‘ਆਪ’ ਆਗੂਆਂ ਨੇ ਬੇਕਾਬੂ ਹੋਏ ਕਰੋਨਾ ਕਾਰਨ ਮਰ ਰਹੇ ਲੋਕਾਂ ਦਾ ਵਾਸਤਾ ਪਾਉਂਦਿਆਂ ਮੁੱਖਮੰਤਰੀ ਨੂੰ ਅਪੀਲ ਕੀਤੀ ਕਿ ਉਹ ‘ਫਾਰਮ ਹਾਊਸ’ ਛੱਡ ਕੇ ਲੋਕਾਂ ‘ਚ ਵਿਚਰਨ ਅਤੇ ਆਪਣੇ ਸਰਕਾਰੀ ਹਸਪਤਾਲਾਂ / ਕਰੋਨਾ ਕੇਅਰ ਸੈਂਟਰਾਂ ਦਾ ਅੱਖੀਂ ਹਾਲ ਦੇਖਣ। ਜੇਕਰ ਐਨਾ ਵੀ ਨਹੀਂ ਕਰ ਸਕਦੇ ਤਾਂ ਘਟੋ ਘਟ ਆਪਣੇ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਕੋਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਰੋਨਾ ਕੇਅਰ ਸੈਂਟਰ ਦੀ ਦੁਰਦਸ਼ਾ ਜਾਣ ਲੈਣ ਕਿਓਂਕਿ ਕਰੋਨਾ ਪਾਜ਼ਿਟਿਵ ਨਿਰਮਲ ਸਿੰਘ ਨੂੰ ਸਰਕਾਰੀ ਹਸਪਤਾਲ ਦੀ ਤਰਸਯੋਗ ਹਾਲਤ ਦੇਖਕੇ ਪ੍ਰਾਈਵੇਟ ਹਸਪਤਾਲ ‘ਚ ਹੀ ਇਲਾਜ ਕਰਾਉਣ ਨੂੰ ਤਰਜੀਹ ਦੇਣੀ ਪਈ। ‘ਆਪ’ ਆਗੂਆਂ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਦ ਉਹ ‘ਫਾਰਮ ਹਾਊਸ’ ਛੱਡ ਕੇ ਜ਼ਮੀਨੀ ਹਕੀਕਤ ਦੇ ਰੂਬਰੂ ਹੋਣਗੇ ਤਾਂ ਕਰੋਨਾ ਵਿਰੁੱਧ ਲੜਾਈ ‘ਚ ਉਹਨਾਂ ਨੂੰ ਕੇਜਰੀਵਾਲ ਦਾ ਦਿੱਲੀ ਮਾਡਲ ਵੀ ਅਪਣਾਉਣਾ ਪਵੇਗਾ ਅਤੇ ‘ਆਪ’ ਦੀ ਲੋਕ ਹਿੱਤ ਸ਼ੁਰੂ ਹੋਈ ਔਕਸੀਮੀਟਰ ਮੁਹਿੰਮ ਦੀ ਵੀ ਤਾਰੀਫ ਕਰਨੀ ਪਵੇਗੀ।

Share this Article
Leave a comment