ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨੂੰ ਨਕਲੀ ਸ਼ਰਾਬ ਦੇ ਦੁਖਾਂਤ ‘ਚ ਸ਼ਾਮਲ ਵਿਅਕਤੀਆਂ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰਨ ਦੇ ਹੁਕਮ

TeamGlobalPunjab
7 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਜ ਕਿਹਾ ਕਿ ਨਕਲੀ ਸ਼ਰਾਬ ਦੇ ਕੇਸ ‘ਚ ਸਿਆਸੀ ਦਖ਼ਲਅੰਦਾਜ਼ੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਜਾਵੇਗਾ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਘਟਨਾ ਵਿੱਚ ਸਿੱਧੀ ਸ਼ਮੂਲੀਅਤ ਵਾਲਿਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 ਤਹਿਤ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ।

ਮੁੱਖ ਮੰਤਰੀ ਨੇ ਹਾਲ ਹੀ ਦੇ ਸਮਿਆਂ ਦੀ ਸਭ ਤੋਂ ਵੱਡੀ ਤਰਾਸਦੀ ਦੱਸਦਿਆਂ ਪੀੜਤਾਂ ਲਈ ਇਨਸਾਫ ਦਾ ਵਾਅਦਾ ਕੀਤਾ। ਉਨ੍ਹਾਂ ਨੇ ਨਕਲੀ/ਨਾਜਾਇਜ਼ ਸ਼ਰਾਬ ਬਣਾਉਣ ਤੇ ਤਸਕਰੀ ਲਈ ਐਕਸਾਈਜ਼ ਐਕਟ ਵਿੱਚ ਸਜ਼ਾ ਵਧਾਉਣ ਦਾ ਵਿਚਾਰ ਪੇਸ਼ ਕੀਤਾ ਤਾਂ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਰਹਿਣ ਅਤੇ ਮੁੜ ਅਪਰਾਧ ਕਰਨ ਲਈ ਛੇਤੀ ਕੀਤਿਆਂ ਬਾਹਰ ਨਾ ਆ ਸਕਣ।

ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਮੰਤਰੀਆਂ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਸੁਝਾਅ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਨਾਜਾਇਜ਼ ਸ਼ਰਾਬ ਦੀ ਤਸਕਰੀ ਵਰਗੇ ਸੰਗਠਿਤ ਅਪਰਾਧ ‘ਤੇ ਕਾਬੂ ਪਾਉਣ ਲਈ ਪਕੋਕਾ ਵਰਗਾ ਸਖ਼ਤ ਕਾਨੂੰਨ ਲਿਆਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕਾਇਮ ਕੀਤੀ ਸਬ-ਕਮੇਟੀ ਨੂੰ ਤਜਵੀਜ਼ਤ ਕਾਨੂੰਨ ਦੇ ਉਪਬੰਧਾਂ ਨੂੰ ਘੋਖਣ ਅਤੇ ਅੰਤਮ ਰੂਪ ਦੇ ਕੇ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਲਈ ਆਖਿਆ। ਉਨ੍ਹਾਂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰ ਮੰਤਰੀਆਂ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਪਕੋਕਾ (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨਾਲ ਸੰਗੀਨ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ ਅਤੇ ਗੈਂਗਸਟਰਾਂ ਨੂੰ ਰੋਕਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ ਜੋ ਜੇਲ੍ਹਾਂ ਵਿੱਚੋਂ ਵੀ ਸੰਗਠਿਤ ਅਪਰਾਧ ਨਾਲ ਨਜਿੱਠਦੇ ਹਨ ਅਤੇ ਅਤਿਵਾਦੀਆਂ ਨਾਲ ਵੀ ਨੇੜਲੇ ਸਬੰਧ ਰੱਖਦੇ ਹਨ।

ਮੁੱਖ ਮੰਤਰੀ ਨੇ ਨਕਲੀ ਸ਼ਰਾਬ ਦੀ ਘਟਨਾ ‘ਤੇ ਦੋ ਵੱਖ-ਵੱਖ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਆਦੇਸ਼ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਇਕ ਮੰਤਰੀ ਮੰਡਲ ਦੀ ਮੀਟਿੰਗ ਹੋਈ ਜਦਕਿ ਮੀਟਿੰਗ ਦੌਰਾਨ ਦੂਜੀ ਮੀਟਿੰਗ ਪੁਲੀਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਦੌਰਾਨ ਲਿਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਇਸ ਦੁਖਾਂਤ ਦੇ ਪੀੜਤਾਂ ਨੂੰ ਸ਼ਰਧਾਂਜਲੀ ਵਜੋਂ 2-ਮਿੰਟ ਦਾ ਮੌਨ ਧਾਰਿਆ।

- Advertisement -

ਇਸ ਤੋਂ ਪਹਿਲਾਂ ਵੀਡੀਓ ਕਾਨਫਰੰਸਿੰਗ ਦੌਰਾਨ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖਤ ਹੁਕਮ ਜਾਰੀ ਕਰਦਿਆਂ ਕਿਹਾ,”ਇਸ ਧੰਦੇ ਨੂੰ ਖਤਮ ਕਰੋ, ਸਰਹੱਦੀ ਇਲਾਕਿਆਂ ਨੂੰ ਸਾਫ ਕਰੋ।” ਇਸ ਮੀਟਿੰਗ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਮੁੱਖ ਸਕੱਤਰ ਵਿਨੀ ਮਹਾਜਨ ਤੋਂ ਇਲਾਵਾ ਤਰਨ ਤਾਰਨ, ਅੰਮ੍ਰਿਤਸਰ ਦਿਹਾਤੀ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।

ਮੁੱਖ ਮੰਤਰੀ ਨੇ ਕਿਹਾ,”ਇਸ ਨੂੰ ਬੰਦ ਕਰਨਾ ਹੋਵੇਗਾ।” ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਲਾਹਣ ਦੀ ਵਰਤੋਂ ਨਾਲ ਨਾਜਾਇਜ਼ ਸ਼ਰਾਬ ਦਾ ਧੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਗੁਆਂਢੀ ਸੂਬਿਆਂ ਤੋਂ ਤਸਕਰੀ ਦੇ ਨਵੇਂ ਰੁਝਾਨ ਨਾਲ ਹੁਣ ਇਹ ਸਥਿਤੀ ਖਤਰਨਾਕ ਪੱਧਰ ਤੱਕ ਨਿੱਘਰ ਗਈ ਹੈ।

ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿ ”ਉਹ ਨਕਲੀ ਤੇ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਤਸਕਰੀ ਦੇ ਧੰਦੇ ਦਾ ਅੰਤ ਵੇਖਣਾ ਚਾਹੁੰਦੇ ਹਨ।” ਮੁੱਖ ਮੰਤਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਮੁਜਰਮਾਂ, ਭਾਵੇਂ ਮਰਦ ਹੋਣ ਜਾਂ ਮਹਿਲਾਵਾਂ ਨਾਲ ਨਿਪਟਣ ਮੌਕੇ, ਪੂਰੀ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ। ਨਸ਼ਿਆਂ ਤੇ ਨਾਜਾਇਜ਼/ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ’ਤੇ ਬਰਦਾਸ਼ਤ ਨਾ ਕਰਨ ਦੀ ਸਰਕਾਰ ਦੀ ਨੀਤੀ ਨੂੰ ਦਹੁਰਾਉਂਦਿਆਂ ਉਨ੍ਹਾਂ ਪੰਜਾਬ ਵਿੱਚੋਂਇਕੋ ਵਾਰ ਤੇ ਹਮੇਸ਼ਾ-ਹਮੇਸ਼ਾ ਲਈ ਇਸ ਖਤਰੇ ਨੂੰ ਖਤਮ ਕਰਨ ਲਈ ਪੁਲੀਸ ਨੂੰ ਆਬਕਾਰੀ ਤੇ ਹੋਰ ਸਬੰਧਤਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀੜਤ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਉਨ੍ਹਾਂ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਲਈ ਪੀੜਤਾਂ ਦੇ ਪਰਿਵਾਰਾਂ ਦੀ ਸ਼ਨਾਖਤ ਕਰਨ ਅਤੇ ਮਿਥੀ ਵਾਧੂ ਰਾਹਤ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਖਾਤਰ ਦਸ ਦਿਨਾਂ ਦੀ ਸਮਾਂ-ਸੀਮਾਂ ਤੈਅ ਕੀਤੀ ਗਈ ਹੈ। ਮੁੱਖ ਮੰਤਰੀ ਵੱਲੋਂ ਇਸ ਦੁਖਾਂਤ ਦਾ ਸ਼ਿਕਾਰ ਹੋਏ ਪ੍ਰਤੀ ਪੀੜਤ ਦੇ ਪਰਿਵਾਰ ਲਈ 2 ਲੱਖ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਇਸ ਘਟਨਾ ਵਿੱਚ ਹੁਣ ਤੱਕ 113 ਵਿਅਕਤੀਆਂ ਨੇ ਜਾਨ ਗਵਾਈ ਹੈ ਅਤੇ ਕਈ ਇਲਾਜ ਅਧੀਨ ਹਨ ਜੋ ਹਸਪਤਾਲਾਂ ਵਿੱਚ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ 84 ਮੌਤਾਂ ਰਿਪੋਰਟ ਹੋਈਆਂ ਹਨ ਅਤੇ 13 ਵਿਅਕਤੀ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਇਨ੍ਹਾਂ 13 ਵਿੱਚੋਂ 6 ਨੂੰ ਅੱਖਾਂ ਦੇ ਇਲਾਜ ਲਈ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। ਰਾਹਤ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਲਈ ਐਲਾਨੀ 2 ਲੱਖ ਐਕਸ-ਗ੍ਰੇਸ਼ੀਆ ਸਹਾਇਤਾ ਭਲਕੇ ਮੁਹੱਈਆ ਕਰਵਾਈ ਜਾਵੇਗੀ ਕਿਉਂ ਜੋ ਤਸਦੀਕ ਕੀਤੇ ਜਾਣ ਦਾ ਕੰਮ ਹੋ ਚੁੱਕਿਆ ਹੈ ਅਤੇ ਬਾਕੀ ਪ੍ਰਕ੍ਰਿਆ ਅਗਲੇ 24 ਘੰਟਿਆਂ ਵਿੱਚ ਮੁਕੰਮਲ ਹੋ ਜਾਵੇਗੀ।

- Advertisement -

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਰ-ਸਰਕਾਰੀ ਸੰਸਥਾਵਾਂ ਸਮੇਤ ਬਾਲ ਭਲਾਈ ਕਮੇਟੀ ਨੂੰ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਕੌਂਸਲਿੰਗ ਲਈ ਨਾਲ ਲਾਇਆ ਗਿਆ ਹੈ। ਇਨ੍ਹਾਂ ਵਿੱਚ ਦੋ ਉਹ ਬੱਚੇ ਵੀ ਹਨ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਵੇਂ ਗੁਆਏ ਹਨ। ਰੁਜ਼ਗਾਰਯੋਗ ਉਮਰ ਵਾਲੇ ਬੱਚਿਆਂ ਨੂੰ ਸਵੈ-ਰੁਜ਼ਗਾਰ ਲਈ ਸਹਾਇਤਾ ਦਿੱਤੀ ਜਾਵੇਗੀ ਜਦੋਂਕਿ ਵਿਧਵਾਵਾਂ ਨੂੰ ਗੁਜ਼ਾਰੇ ਲਈ ਹੋਰ ਸਹਾਇਤਾ ਤੋਂ ਇਲਾਵਾ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ 15 ਮੌਤਾਂ ਦੀਆਂ ਰਿਪੋਰਟ ਹੋਈਆਂ ਹਨ ਅਤੇ ਪਰਿਵਾਰਾਂ ਨੂੰ ਬਿਨਾਂ ਦੇਰੀ ਰਾਹਤ ਮੁਹੱਈਆ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਪਾਸ ਪਈ ਨਾਜਾਇਜ਼ ਸ਼ਰਾਬ ਨਸ਼ਟ ਕਰਨ ਅਤੇ ਸ਼ਰਾਬ ਦੀ ਖਪਤ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ।

ਬਾਰਡਰ ਰੇਂਜ ਦੇ ਆਈ.ਜੀ ਐਸ.ਪੀ.ਐਸ.ਪਰਮਾਰ ਨੇ ਦੱਸਿਆ ਕਿ ਆਬਕਾਰੀ ਐਕਟ ਤੇ ਆਈ.ਪੀ.ਸੀ. ਦੀ ਧਾਰਾ 304 ਤਹਿਤ ਕੇਸ ਦਰਜ ਕੀਤੇ ਗਏ ਹਨ ਅਤੇ ਮੁਜਰਮਾਂ ਦੀ ਸ਼ਨਾਖਤ ਕਰਨ ਅਤੇਕਾਨੂੰਨ ਅਨੁਸਾਰ ਸਖਤ ਕਾਰਵਾਈ ਆਰੰਭਣ ਲਈ ਸਰਹੱਦੀ ਖੇਤਰਾਂ ਵਿੱਚ ਸਾਂਝੀ ਛਾਪੇਮਾਰੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਤਰਨਤਾਰਨ ਵਿਚਲੇ ਪੀੜਤਾਂ ਦੇ ਪਰਿਵਾਰਾਂ, ਜਿਨ੍ਹਾਂ ਨੇ ਸਭ ਤੋਂ ਵਧੇਰੇ ਜਾਨਾਂ ਗਵਾਈਆਂ ਹਨ, ਵੱਲੋਂ ਮੌਤਾਂ ਨੂੰ ਲੁਕਾਇਆ ਗਿਆ ਅਤੇ ਪੋਸਟ-ਮਾਰਟਮ ਤੋਂ ਬਿਨਾਂ ਹੀ ਸਸਕਾਰ ਕਰ ਦਿੱਤੇ ਗਏ। ਉਨ੍ਹਾਂ ਨੇ ਈਥਾਨੋਲ ਅਤੇ ਹੋਰ ਸਪਿਰਿਟਾਂ ਲਈ ਕਲਰ-ਕੋਡਿੰਗ ਚਾਲੂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਅਜਿਹੇ ਪਦਾਰਥਾਂ ਦੀ ਨਾਜਾਇਜ਼ ਵਿਕਰੀ/ਵੰਡ ਨੂੰ ਰੋਕਿਆ ਜਾ ਸਕੇ।

Share this Article
Leave a comment