ਕੀ ਜਥੇਦਾਰ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਕੀਤੀ ਹੈ ਵੱਖਰੇ ਸਿੱਖ ਰਾਜ ਦੀ ਗੱਲ? – ਅਮਨ ਅਰੋੜਾ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਖਰੇ ਸਿੱਖ ਰਾਜ ਸੰਬੰਧੀ ਦਿੱਤੇ ਬਿਆਨ ਦਾ ਸਪਸ਼ਟ ਸ਼ਬਦਾਂ ‘ਚ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਪੰਜਾਬ ਦਾ ਕੋਈ ਵਰਗ ਵੱਖਰੇ ਸਿੱਖ ਰਾਜ ਦੀ ਮੰਗ ਦਾ ਕਦੇ ਵੀ ਸਮਰਥਨ ਨਹੀਂ ਕਰਦੇ। ਅਜਿਹੀ ਮੰਗਾਂ ਅਤੇ ਭੜਕੀਲੀਆਂ ਬਿਆਨ ਬਾਜ਼ੀਆਂ ਨੇ ਪੰਜਾਬ ‘ਚ 20 ਸਾਲ ਅੱਗ ਲਾਈ ਰੱਖੀ। ਜਿਸ ਦੌਰਾਨ ਕਰੀਬ 40 ਹਜ਼ਾਰ ਲੋਕਾਂ ਦੀ ਜਾਨ ਗਈ ਅਤੇ ਪੰਜਾਬ ਅੱਜ ਤੱਕ ਤਾਬੇ ਨਹੀਂ ਆਇਆ।

ਅਮਨ ਅਰੋੜਾ ਨੇ ਕਿਹਾ, ”ਅਸੀਂ (ਆਪ) ਸਿੱਖਾਂ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬਾਨ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰੰਤੂ ਅਸੀਂ ਅਜਿਹੀਆਂ ਬੇਲੋੜੀਆਂ ਅਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਨਾਲ ਬਿਲਕੁਲ ਵੀ ਸਹਿਮਤੀ ਨਹੀਂ ਰੱਖਦੇ।”

ਅਮਨ ਅਰੋੜਾ ਨੇ ਕਿਹਾ, ”ਜਥੇਦਾਰ ਸਾਹਿਬਾਨ ਇਹ ਦੱਸਣ ਕਿ ਉਨ੍ਹਾਂ ਵੱਲੋਂ ਵੱਖਰੇ ਸਿੱਖ ਰਾਜ ਸੰਬੰਧੀ ਦਿੱਤਾ ਗਿਆ ਬਿਆਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਨਾਲ ਦਿੱਤਾ ਹੈ?”

- Advertisement -

ਅਮਨ ਅਰੋੜਾ ਨੇ ਸਿੰਘ ਸਾਹਿਬਾਨ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਿਸ ਦੇਸ਼ ‘ਚ ਸਿੱਖਾਂ ਦੀ ਦੁਰਦਸ਼ਾ ਦੀ ਗੱਲ ਕੀਤੀ ਹੈ, ਉਸ ਦੀ (ਭਾਰਤ) ਕੇਂਦਰ ਸਰਕਾਰ ‘ਚ ਬਾਦਲ ਹਿੱਸੇਦਾਰ ਹਨ।”

ਅਮਨ ਅਰੋੜਾ ਨੇ ਨਾਲ ਹੀ ਕਿਹਾ ਕਿ ਸਿਰਫ਼ ਸਿੱਖ ਸੰਗਤ ਹੀ ਨਹੀਂ ਸਾਰੇ ਵਰਗਾਂ ਦੇ ਲੋਕਾਂ ਦੀ ਦੁਰਦਸ਼ਾ ਹੈ ਅਤੇ ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਇੱਕ ਦੂਜੇ ਤੋਂ ਵੱਧ ਕੇ ਜ਼ਿੰਮੇਵਾਰ ਹਨ।

ਅਮਨ ਅਰੋੜਾ ਨੇ ਕਿਹਾ ਕਿ ਭਾਰਤ ਦੀ ਗੱਲ ਤਾਂ ਦੂਰ ਪੰਜਾਬ ‘ਚ ਹੀ ਸਿੱਖਾਂ ਅਤੇ ਸਿੱਖੀ ਦਾ ਜੋ ਘਾਣ ਹੋਇਆ ਅਤੇ ਹੋ ਰਿਹਾ ਹੈ, ਜਿਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਸਿੱਧੇ ਜ਼ਿੰਮੇਵਾਰ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਦੇ ਰਾਜ ‘ਚ ਹੋਈ, ਜਿਸ ਦਾ ਅਮਰਿੰਦਰ ਸਰਕਾਰ ਨੇ ਵੀ ਇਨਸਾਫ਼ ਨਹੀਂ ਦਿੱਤਾ। ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਝੂਠੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਜਿੰਨਾ ਨੁਕਸਾਨ ਪੰਜਾਬ ਅਤੇ ਪੰਥ ਦਾ ਕੀਤਾ ਹੈ। ਉਸ ਦੀ ਭਰਪਾਈ ਵੱਖਰੇ ਰਾਜ ਨਾਲ ਨਹੀਂ ਸਗੋਂ ਸਿੱਖਾਂ ਅਤੇ ਸਿੱਖੀ ਸਮੇਤ ਪੰਜਾਬ ਦਾ ਸਤਿਕਾਰ ਅਤੇ ਪਿਆਰ ਕਰਨ ਵਾਲੇ ਇਮਾਨਦਾਰ ਆਗੂਆਂ ਨੂੰ ਰਾਜ ਸੱਤਾ ਦੀ ਵਾਗਡੋਰ ਸੌਂਪ ਕੇ ਹੀ ਹੋ ਸਕਦੀ ਹੈ।

Share this Article
Leave a comment