ਜਗਤਾਰ ਸਿੰਘ ਸਿੱਧੂ;
ਪੰਜਾਬ ਦੀਆਂ ਰਾਜਸੀ ਧਿਰਾਂ ਦੀ ਨਜਰ ਵਿਧਾਨ ਸਭਾ ਦੀਆਂ 2027 ‘ਚ ਆ ਰਹੀਆਂ ਚੋਣਾਂ ਉੱਪਰ ਟਿਕੀ ਹੋਈ ਹੈ। ਕਿਹਾ ਜਾ ਸਕਦਾ ਹੈ ਹੁਣ ਰਾਜਸੀ ਧਿਰਾਂ ਦੇ ਸਾਰੇ ਰਾਹ ਅਸੈਂਬਲੀ ਦੀਆਂ ਆਮ ਚੋਣਾਂ ਵੱਲ ਜਾਂਦੇ ਹਨ ।ਬੇਸ਼ੱਕ ਵਿਧਾਨ ਸਭਾ ਦਾ ਸੈਸ਼ਨ ਹੋਵੇ, ਬਦਬੀ ਦਾ ਬਿੱਲ ਹੋਵੇ, ਨਸ਼ੇ ਦਾ ਮੁੱਦਾ ਹੋਵੇ ,ਦਰਬਾਰ ਸਾਹਿਬ ਨੂੰ ਬੰਬ ਦੀ ਧਮਕੀ ਹੋਵੇ ਜਾਂ ਕਿਸਾਨੀ ਮੁੱਦੇ ਹੋਣ ਤਾਂ ਰਾਜਸੀ ਪਾਰਟੀਆਂ ਦਾ ਨਿਸ਼ਾਨਾ ਇਕੋ ਹੁੰਦਾ ਹੈ ਕਿ ਕਿਹੜੇ ਮੁੱਦੇ ਨੂੰ ਉਭਾਰਨ ਨਾਲ ਅਗਲੀ ਚੋਣ ਵਾਸਤੇ ਵੋਟਰ ਨੂੰ ਭਰਮਾਇਆ ਜਾ ਸਕਦਾ ।ਕਿਜ ਪਾਰਟੀ ਨੂੰ ਵਧੇਰੇ ਨਿਸ਼ਾਨੇ ਉਪਰ ਲੈਣਾ ਹੈ ਅਤੇ ਕਿਹੜਾ ਢੁਕਵਾਂ ਸਮਾਂ ਹੈ? ਇਸੇ ਤਰ੍ਹਾਂ ਪਾਰਟੀਆਂ ਦੇ ਗਠਜੋੜ ਦਾ ਸਵਾਲ ਹੈ । ਇੱਕਲੇ ਚੋਣ ਲੜੀ ਜਾਵੇਗੀ ਜਾਂ ਗਠਜੋੜ ਹੋਵੇਗਾ?
ਮਿਸਾਲ ਵਜੋਂ ਸਭ ਤੋਂ ਲੰਬਾ ਸਮਾਂ ਰਹਿਣ ਵਾਲੇ ਗਠਜੋੜ ਦੀ ਗੱਲ ਕੀਤੀ ਜਾਵੇ ਤਾਂ ਕਾਇਦੇ ਮੁਤਾਬਕ ਅਕਾਲੀ ਦਲ ਅਤੇ ਭਾਜਪਾ ਦੀ ਗੱਲ ਕਰਨੀ ਬਣਦੀ ਹੈ । ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਪਿਛਲੇ ਕਾਫੀ ਸਮੇਂ ਤੋਂ ਸਟੈਂਡ ਲੈ ਰਹੇ ਹਨ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਬਹੁਤ ਜਰੂਰੀ ਹੈ ਕਿਉਂ ਜੋ ਇਸ ਨਾਲ ਸਦਭਾਵਨਾ ਵਾਲਾ ਮਾਹੌਲ ਬਣੇਗਾ ਅਤੇ ਪੰਜਾਬ ਨੂੰ ਸੰਕਟ ਤੇ ਬਾਹਰ ਲਿਆਂਦਾ ਜਾ ਸਕੇਗਾ ।ਖੈਰ, ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਿਵੇਂ ਖਤਰਾ ਹੈ? ਇਸ ਦਾ ਬੇਹਤਰ ਜਵਾਬ ਤਾਂ ਭਾਜਪਾ ਨੇਤਾ ਜਾਖੜ ਹੀ ਦੇ ਸਕਦੇ ਹਨ ਪਰ ਭਾਜਪਾ ਦੇ ਹੀ ਕਾਰਜਕਾਰੀ ਪ੍ਰਧਾਨ ਅਤੇ ਟਕਸਾਲੀ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਤਾਂ ਜਵਾਬ ਨਾਲ ਦੀ ਨਾਲ ਹੀ ਦੇ ਦਿੱਤਾ। ਸ਼ਾਇਦ ਤੰਦੂਰ ਤੋਂ ਰੋਟੀ ਲਾਹੁਣ ਨਾਲੋਂ ਵੀ ਘੱਟ ਸਮੇਂ ਵਿੱਚ ਪਰ ਤੰਦੂਰੀ ਰੋਟੀ ਨਾਲੋਂ ਵਧੇਰੇ ਗਰਮ ਜਵਾਬ ਆਇਆ। ਅਸ਼ਵਨੀ ਸ਼ਰਮਾ ਨੇ ਸਾਫ ਆਖ ਦਿੱਤਾ ਕਿ ਪੰਜਾਬ ਵਿੱਚ ਭਾਜਪਾ ਇਕਲੇ ਹੀ ਵਿਧਾਨ ਸਭਾ ਚੋਣਾਂ ਲੜੇਗੀ।
ਪਾਰਲੀਮੈਂਟ ਦੀ ਪਿਛਲੀ ਚੋਣ ਵਿੱਚ ਆਪ ਅਤੇ ਕਾਂਗਰਸ ਕੌਮੀ ਪੱਧਰ ਦੇ ਗੱਠਜੋੜ ਵਿੱਚ ਇਕ ਸਨ ਪਰ ਹੁਣ ਦੋਵੇਂ ਧਿਰਾਂ ਇਕ ਦੂਜੇ ਉੱਪਰ ਹਮਲਾ ਕਰਨ ਦਾ ਮੌਕਾ ਜਾਣ ਨਹੀਂ ਦਿੰਦੀਆਂ ।ਖਾਸ ਤੌਰ ਉਤੇ ਪੰਜਾਬ ਵਿਚ ਤਾਂ ਪੂਰੀ ਤਰ੍ਹਾਂ ਆਹਮੋ ਸਾਹਮਣੇ ਹਨ।
ਹੁਣ ਆਪ ਗੁਜਰਾਤ ਹੋਵੇ ਜਾਂ ਪੰਜਾਬ, ਕਾਂਗਰਸ ਅਤੇ ਭਾਜਪਾ ਨੂੰ ਭਾਈਵਾਲ ਦਸ ਰਹੇ ਹਨ ।ਜੇ ਕਰ ਕਾਂਗਰਸ ਨੇ ਪਾਰਲੀਮੈਂਟ ਅੰਦਰ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈ ਮੇਲਾਂ ਦਾ ਮਾਮਲਾ ਉਠਾਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਤਾਂ ਆਪ ਨੇ ਤਕੜਾ ਜਵਾਬੀ ਹਮਲਾ ਕੀਤਾ।
ਹੁਣ ਤੋਂ ਹੀ ਰਾਜਸੀ ਧਿਰਾਂ ਸੀਟ ਜਿੱਤਣ ਦੀ ਦੌੜ ਵਿੱਚ ਇਕ ਦੂਜੇ ਦੇ ਰਾਜਸੀ ਨੇਤਾਵਾਂ ਨੂੰ ਆਪਣੇ ਵੱਲ ਖਿੱਚਣ ਦੀ ਵਿਉਂਤ ਬਣਾਉਣ ਵਿੱਚ ਲੱਗ ਗਈਆਂਹਨ। ਬੱਸ ਦੀ ਸਵਾਰੀ ਵਾਂਗ ਬੱਸ ਵਿੱਚ ਬਿਠਾ ਲਉ, ਫਿਰ ਦੇਖੀ ਜਾਵੇਗੀ ਕਿ ਕਿਹੜੇ ਅੱਡੇ ਤੇ ਉਤਾਰਨੀ ਹੈ ਅਤੇ ਕਈ ਵਾਰ ਦਮ ਘੁੱਟਣ ਕਰਕੇ ਸਵਾਰੀ ਚਲਦੀ ਬੱਸ ਵਿੱਚੋਂ ਹੀ ਛਾਲ ਮਾਰ ਦਿੰਦੀ ਹੈ ।ਪੰਜਾਬ ਦੀ ਕਿਸੇ ਵੀ ਜ਼ਿਮਨੀ ਚੋਣ ਨੂੰ 27 ਦੀ ਆਮ ਚੋਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ!
ਸੰਪਰਕ 9814002186