ਨਿਊਜ਼ ਡੈਸਕ: ਅਕਾਸਾ ਏਅਰ ਨੇ ਯਾਤਰੀਆਂ ਅਤੇ ਉਹਨਾਂ ਦੇ ਪਾਲਤੂ ਜਾਨਵਰਾਂ ਲਈ ਯਾਤਰਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਆਪਣੀ “Pets on Akasa” ਸੇਵਾ ਵਿੱਚ ਅਹਿਮ ਬਦਲਾਅ ਕੀਤੇ ਹਨ। ਪਹਿਲਾਂ ਜਹਾਜ਼ ਦੇ ਕੈਬਿਨ ਵਿੱਚ ਸਿਰਫ਼ ਇੱਕ ਪਾਲਤੂ ਜਾਨਵਰ ਨੂੰ ਲੈ ਕੇ ਜਾਣ ਦੀ ਇਜਾਜ਼ਤ ਸੀ, ਪਰ ਹੁਣ ਯਾਤਰੀ ਦੋ ਪਾਲਤੂ ਜਾਨਵਰਾਂ ਨੂੰ ਨਾਲ ਲੈ ਕੇ ਜਾ ਸਕਦੇ ਹਨ। ਇਹ ਬਦਲਾਅ ਯਾਤਰੀਆਂ ਦੀ ਵਧਦੀ ਮੰਗ ਅਤੇ ਏਅਰਲਾਈਨ ਦੀ ਸੁਵਿਧਾਜਨਕ ਅਤੇ ਸਮਾਵੇਸ਼ੀ ਯਾਤਰਾ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਜਵਾਬ ਵਿੱਚ ਕੀਤੇ ਗਏ ਹਨ।
ਪਹਿਲਾਂ ਪਾਲਤੂ ਜਾਨਵਰਾਂ ਦੀ ਬੁਕਿੰਗ ਲਈ 48 ਘੰਟੇ ਪਹਿਲਾਂ ਦੀ ਸੀਮਾ ਸੀ, ਪਰ ਹੁਣ ਇਹ ਸਮਾਂ ਘਟਾ ਕੇ 24 ਘੰਟੇ ਕਰ ਦਿੱਤਾ ਗਿਆ ਹੈ। ਇਸ ਸੇਵਾ ਨੂੰ ਯਾਤਰੀਆਂ ਵੱਲੋਂ ਭਰਵਾਂ ਹੁੰਗਾਰ ਮਿਲਿਆ ਹੈ, ਅਤੇ ਨਵੰਬਰ 2022 ਵਿੱਚ ਸ਼ੁਰੂਆਤ ਤੋਂ ਬਾਅਦ 8,500 ਤੋਂ ਵੱਧ ਪਾਲਤੂ ਜਾਨਵਰਾਂ ਨੇ ਇਸ ਦਾ ਲਾਭ ਉਠਾਇਆ ਹੈ। ਮਈ 2024 ਵਿੱਚ, ਏਅਰਲਾਈਨ ਨੇ ਹੋਰ ਦੋ ਮਹੱਤਵਪੂਰਨ ਬਦਲਾਅ ਕੀਤੇ: ਕੈਬਿਨ ਵਿੱਚ ਲਿਜਾਏ ਜਾਣ ਵਾਲੇ ਪਾਲਤੂ ਜਾਨਵਰ ਦਾ ਵੱਧ ਤੋਂ ਵੱਧ ਭਾਰ 10 ਕਿਲੋਗ੍ਰਾਮ (ਕੰਟੇਨਰ ਸਮੇਤ) ਕਰ ਦਿੱਤਾ ਗਿਆ ਅਤੇ ਯਾਤਰਾ ਸਰਟੀਫਿਕੇਟ ਦੀ ਵੈਧਤਾ 15 ਦਿਨਾਂ ਤੱਕ ਵਧਾਈ ਗਈ ਹੈ।
ਇਹ ਸੇਵਾ ਹੁਣ 24 ਘਰੇਲੂ ਸ਼ਹਿਰਾਂ ਵਿੱਚ ਉਪਲਬਧ ਹੈ, ਜਿਨ੍ਹਾਂ ਵਿੱਚ ਮੁੰਬਈ, ਦਿੱਲੀ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਲਖਨਊ, ਵਾਰਾਣਸੀ, ਅਯੋਧਿਆ, ਸ਼੍ਰੀ ਵਿਜੇਪੁਰਮ, ਗੁਹਾਟੀ, ਗੋਆ, ਕੋਚੀ, ਪੁਣੇ, ਭੁਵਨੇਸ਼ਵਰ, ਗਵਾਲੀਅਰ, ਪ੍ਰਯਾਗਰਾਜ, ਸ਼੍ਰੀਨਗਰ, ਬਾਗਡੋਗਰਾ, ਕੋਝੀਕੋਡ, ਦਰਭੰਗਾ, ਅਗਰਤਲਾ ਅਤੇ ਹੋਰ ਸ਼ਾਮਲ ਹਨ। ਏਅਰਲਾਈਨ ਯਾਤਰੀਆਂ ਦੇ ਫੀਡਬੈਕ ਦੇ ਆਧਾਰ ’ਤੇ ਸੇਵਾ ਵਿੱਚ ਸੁਧਾਰ ਕਰਦੀ ਰਹਿੰਦੀ ਹੈ, ਜਿਸ ਨਾਲ ਪਾਲਤੂ ਜਾਨਵਰਾਂ ਨਾਲ ਯਾਤਰਾ ਹੋਰ ਸੌਖੀ ਅਤੇ ਆਰਾਮਦਾਇਕ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।