ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗਲਤ ਪਿਰਤ ਪਾਉਣ ਵਾਲਾ ਪਾਰਟੀ ਦਾ ਅਜਿਹਾ ਪਹਿਲਾ ਪ੍ਰਧਾਨ ਹੈ ਜੋ ਲੋਕਾਂ ਦੀ ਅੱਖੀ ਘੱਟਾ ਪਾਉਣ ਲਈ ਧੋਖੇਬਾਜ਼ੀ ਨਾਲ ਬਸਪਾ ਦੀਆਂ ਸੀਟਾਂ `ਤੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਲੁਕਵੇਂ ਢੰਗ ਨਾਲ ਖੜ੍ਹੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸੁਖਬੀਰ ਸਿੰਘ ਬਾਦਲ ਬਸਪਾ ਦੇ ਕਾਡਰ ਨਾਲ ਵੀ ਧ਼੍ਰੋਹ ਕਮਾ ਰਿਹਾ ਹੈ।
ਢੀਂਡਸਾ ਨੇ ਬੀਤੇ ਦਿਨੀ ਅਕਾਲੀ ਦਲ ਬਾਦਲ ਨਾਲ ਲੰਬੇ ਸਮੇਂ ਤੋਂ ਜੁੜੇ ਅਤੇ ਕਈਂ ਆਹੁਦਿਆਂ `ਤੇ ਰਹੇ ਲਖਵਿੰਦਰ ਸਿੰਘ ਲੱਖੀ ਦੇ ਬਸਪਾ ਵਿੱਚ ਸ਼ਾਮਿਲ ਹੋਣ `ਤੇ ਪ੍ਰਤੀਕੀਰੀਆ ਦਿੰਦਿਆਂ ਕਿਹਾ ਕਿ ਸੁਖਬੀਰ ਵੱਲੋਂ ਅਜਿਹਾ ਕਰਨਾ ਅਕਾਲੀ ਦਲ ਅਤੇ ਬਸਪਾ ਦੇ ਹਮਾਇਤੀਆਂ ਨਾਲ ਸ਼ਰੇਆਮ ਬੇਈਮਾਨੀ ਹੈ। ਜਿਸ ਤੋਂ ਦਲਿਤ ਸਮਾਜ ਨੂੰ ਚੇਤਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਇਸ ਕਦਮ ਨਾਲ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਬਸਪਾ ਦਾ ਨਾਮ ਵਰਤਕੇ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਬਸਪਾ ਵਿੱਚ ਭੇਜ ਕੇ ਬਸਪਾ ਉਮੀਵਾਰ ਵਜੋਂ ਖੜ੍ਹਾ ਕਰਨਾ ਚਾਹੁੰਦਾ ਹੈ ਅਤੇ ਅਜਿਹਾ ਕਰਕੇ ਅਕਾਲੀ ਦਲ ਵਿੱਚ ਵੀ ਆਪਣੀ ਆਦਤ ਅਨੁਸਾਰ ਹੋਰ ਗਲਤ ਰਵਾਇਤ ਪਾਉਣ ਦਾ ਬੱਜਰ ਗੁਨਾਹ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਸਪਾ ਕੋਲ ਕੋਈ ਕੱਦਾਵਾਰ ਆਗੂ ਨਾ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਆਪਣੀ ਡੂੰਘੀ ਸਾਜਿਸ਼ ਰੱਚ ਰਿਹਾ ਹੈ। ਜਿਸ ਤਹਿਤ ਉਹ ਬੇਈਮਾਨੀ ਅਤੇ ਪੈਸੇ ਦੇ ਜ਼ੋਰ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰ ਰਿਹਾ ਹੈ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿਤਾਂ ਨੂੰ ਸਿਰਫ਼ ਆਪਣੇ ਵੋਟ ਬੈਂਕ ਵਜੋਂ ਵਰਤਣਾ ਚਾਹੁੰਦਾ ਹੈ ਅਤੇ ਦਲਿਤ ਸਮਾਜ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਝੁੱਠੇ ਵਾਅਦਿਆਂ ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਅਕਾਲੀ ਦਲ ਬਾਦਲ ਦੀ ਸੂਬੇ ਵਿੱਚ ਖੁੱਸ ਚੁੱਕੀ ਸਾਖ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਿਹਾ ਹੈ ਪਰ ਲੋਕ ਲੋਕ ਸੁਖਬੀਰ ਸਿੰਘ ਬਾਦਲ ਦੀਆਂ ਇਨ੍ਹਾਂ ਕੋਝੀਆਂ ਸ਼ਰਾਰਤਾਂ ਨੂੰ ਕਦੇ ਕਾਮਯਾਬ ਨਹੀ ਹੋਣ ਦੇਣਗੇ।