ਸੰਵੇਦਨਸ਼ੀਲ ਧਾਰਮਿਕ ਮਸਲਿਆਂ ‘ਤੇ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਬੰਦ ਕਰੇ ਅਕਾਲੀ ਦਲ : ਕੈਪਟਨ ਅਮਰਿੰਦਰ ਸਿੰਘ

TeamGlobalPunjab
2 Min Read

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੰਵਦੇਨਸ਼ੀਲ ਧਾਰਮਿਕ ਮਸਲਿਆਂ ‘ਤੇ ਝੂਠੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਸਖਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਅਸਥਾਨਾਂ ‘ਤੇ ਪ੍ਰਸਾਦ ਨਾ ਵੰਡਣ ਸਬੰਧੀ ਜ਼ਰੂਰੀ ਦਿਸ਼ਾਂ ਨਿਰਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰ ‘ਚ ਭਾਈਵਾਰ ਪਾਰਟੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਕਦੇ ਵੀ ਕਿਸੇ ਧਰਮ ਦੀ ਮਰਿਆਦਾ ਅਤੇ ਰਵਾਇਤਾਂ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ ਪਰ ਸਰਕਾਰ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਪ੍ਰਤੀ ਪਾਬੰਦ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਧਾਰਮਿਕ ਅਸਥਾਨਾਂ ਲਈ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ਼) ਜਾਰੀ ਕੀਤੀ ਹੈ ਤਾਂ ਸੂਬਾ ਸਰਕਾਰ ਨੂੰ ਗੁਰਦੁਆਰਿਆਂ ਜਾਂ ਹੋਰ ਪੂਜਾ ਅਸਥਾਨਾਂ ਵਿਖੇ ਪ੍ਰਸਾਦ ਵੰਡਣ ’ਤੇ ਰੋਕ ਲਾਉਣ ਲਈ ਜ਼ਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੌਮੀ ਆਫਤ ਐਕਟ ਤਹਿਤ 8 ਜੂਨ ਤੋਂ ਧਾਰਮਿਕ ਅਤੇ ਕੁਝ ਹੋਰ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦੇਣ ਅਤੇ ਵੱਖ-ਵੱਖ ਹੋਰ ਕੇਂਦਰੀ ਮੰਤਰਾਲਿਆਂ ਨੂੰ ਇਸ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹੋਣ ਦੇ ਨਾਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਉਨਾਂ ਦੀ ਪਾਰਟੀ ਨੇ 8 ਜੂਨ ਤੋਂ ਧਾਰਮਿਕ ਸਥਾਨਾਂ ਨੂੰ ਮੁੜ ਖੋਲਣ ਬਾਰੇ ਐਸ.ਓ.ਪੀਜ਼. ਜਾਰੀ ਹੋਣ ਤੋਂ ਪਹਿਲਾਂ ਜ਼ਰੂਰ ਸਲਾਹ-ਮਸ਼ਵਰੇ ਕੀਤੇ ਹੋਣਗੇੇ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਬਾਅਦ ਵਿੱਚ ਰੋਸ ਜ਼ਾਹਰ ਕਰਨ ਅਤੇ ਸੂਬਾ ਸਰਕਾਰ ’ਤੇ ਇਸ ਸਬੰਧੀ ਝੂਠੀ ਬਿਆਨਬਾਜ਼ੀ ਕਰਨ ਦੀ ਬਜਾਏ ਉਸ ਵੇਲੇ ਇਸ ਫੈਸਲੇ ਤੋਂ ਪਿਛਾਂਹ ਹਟ ਕੇ ਪ੍ਰਸਾਦ ਵੰਡਣ ਦੀ ਆਗਿਆ ਦੇਣ ’ਤੇ ਜ਼ੋਰ ਦੇਣਾ ਚਾਹੀਦਾ ਸੀ। ਉਨਾਂ ਨੇ ਕਿਹਾ ਕਿ ਉਹ ਖੁਦ ਪ੍ਰਧਾਨ ਮੰਤਰੀ ਨੂੰ ਧਾਰਮਿਕ ਅਸਥਾਨਾਂ ’ਤੇ ਪ੍ਰਸਾਦ ਵੰਡਣ ਦੀ ਆਗਿਆ ਦੇਣ ਲਈ ਪੱਤਰ ਲਿਖ ਰਹੇ ਹਨ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਔਖੇ ਦੌਰ ਵਿੱਚ ਸੌੜੀ ਸਿਆਸਤ ਨੂੰ ਲਾਂਭੇ ਰੱਖਣ ਅਤੇ ਸੰਕਟ ਨਾਲ ਨਿਪਟਣ ਲਈ ਰਾਜਨੀਤਿਆਂ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੇ ਯਤਨਾਂ ਦੀ ਅਪੀਲ ਕੀਤੀ।

Share this Article
Leave a comment