ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਮਜ਼ਬੂਤ ਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਮਾਣ : ਅਕਾਲੀ ਦਲ ਕੋਰ ਕਮੇਟੀ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਦ੍ਰਿੜ੍ਹ ਅਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ। ਕੋਰ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਕੋਰ ਕਮੇਟੀ ਨੂੰ ਪਾਰਟੀ ਪ੍ਰਧਾਨ ਦੀ ਦਲੇਰੀ, ਨਿਰਸਵਾਰਥ ਅਤੇ ਅਣਥੱਕ ਤਰੀਕੇ ਨਾਲ ਮਿਹਨਤ ਕਰਨ ’ਤੇ ਮਾਣ ਹੈ ਜਿਸ ਸਦਕਾ ਪਾਰਟੀ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਲਈ ਹਾਲ ਹੀ ਵਿਚ ਖਤਮ ਹੋਈਆਂ ਚੋਣਾਂ ਲਈ ਛੇ ਮਹੀਨੇ ਲੰਬੀ ਮੁਹਿੰਮ ਵਿਚ ਸਹੀ ਅਰਥਾਂ ਵਿਚ ਪੰਥਕ ਰਵਾਇਤਾਂ ਮੁਤਾਬਕ ਪਾਰਟੀ ਦੀ ਅਗਵਾਈ ਕੀਤੀ।

ਮੀਟਿੰਗ ਨੁੰ ਸੰਬੋਧਨ ਕਰਦਿਆਂ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਅਤੇ ਖਾਲਸਾ ਪੰਥ ਦੀਆਂ ਮਾਣ ਮੱਤੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਨੁੰ ਬਰਕਰਾਰ ਰੱਖਣ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਪਾਰਟੀ ਨੇ ਕੇਂਦਰ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਬੀ ਬੀ ਐਮ ਬੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਵਾਜਬ ਹੱਕਾਂ ਵਿਚ ਦਖਲਅੰਦਾਜ਼ੀ ਨਾ ਕਰੇ ਜਦੋਂ ਤੱਕ ਇਹ ਸ਼ਹਿਰ ਸੰਸਦ ਅਤੇ ਸਾਡੇ ਚਾਰ ਵੱਖ ਵੱਖ ਪ੍ਰਧਾਨ ਮੰਤਰੀਆਂ ਦੇ ਵਾਅਦੇ ਮੁਤਾਬਕ ਪੰਜਾਬ ਨੁੰ ਨਹੀਂ ਦੇ ਦਿੱਤਾ ਜਾਂਦਾ।

ਅੱਜ ਦੀ ਮੀਟਿੰਗ ਦੀ ਸ਼ੁਰੂਆਤ ਪਵਿੱਤਰ ਮੂਲ ਮੰਤਰ ਨਾਲ ਹੋਈ ਜਿਸ ਮਗਰੋਂ ਹਾਲ ਹੀ ਵਿਚ ਖਤਮ ਹੋਈਆਂ ਪੰਜਾਬ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੇ ਫਤਵੇ ਅੱਗੇ ਸੀਸ ਨਿਵਾਇਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਪਾਰਟੀ ਨੇ ਕਿਹਾ ਕਿ ਉਸਨੂੰ ਇਸ ਸਾਰੀ ਮੁਹਿੰਮ ਦੌਰਾਨ ਪਾਰਟੀ ਦੇ ਆਗੂਆਂ, ਉਮੀਦਵਾਰਾਂ ਤੇ ਵਰਕਰਾਂ ਵੱਲੋਂ ਕੀਤੀ ਅਣਥੱਕ ਮਿਹਨਤ ’ਤੇ ਮਾਣ ਹੈ। ਇਕ ਹੋਰ ਮਤੇ ਰਾਹੀਂ ਮੀਟਿੰਗ ਨੇ ਉਹਨਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਇਸਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ।

ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਚੋਣ ਫਤਵੇ ਦਾ ਵਿਸ਼ਲੇਸ਼ਣ ਕਰਨ ਵਾਸਤੇ ਵਿਚਾਰ ਵਟਾਂਦਰਾ ਕੱਲ੍ਹ ਹੋਵੇਗਾ ਜਦੋਂ ਸੀਨੀਅਰ ਆਗੂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਨਾਲ ਚੋਣ ਨਤੀਜਿਆਂ ਬਾਰੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕਰਨਗੇ। ਉਹਨਾਂ ਕਿਹਾ ਕਿ ਇਸ ਮਗਰੋਂ ਆਉਂਦੇ ਦਿਨਾਂ ਵਿਚ ਹੋਰ ਸੀਨੀਅਰ ਆਗੂਆਂ ਦੀਆਂ ਮੀਟਿੰਗਾਂ ਹੋਣਗੀਆਂ ਤੇ ਪਾਰਟੀ ਪ੍ਰਧਾਨ ਵੱਲੋਂ ਕੱਲ੍ਹ ਚੋਣਾਂ ਦੇ ਨਤੀਜਿਆਂ ਬਾਰੇ ਸੀਨੀਅਰ ਆਗੂਆਂ ਨਾਲ ਘੋਖ ਕੀਤੀ ਜਾਵੇਗੀ।

- Advertisement -

ਇਸ ਮੀਟਿੰਗ ਮਗਰੋਂ 16 ਮਾਰਚ ਨੁੰ ਦੁਪਹਿਰ ਬਾਅਦ 2.00 ਵਜੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੋਵੇਗੀ। ਇਹਨਾਂ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨਾਲ ਪਾਰਟੀ ਪ੍ਰਧਾਨ ਦੀ ਮੀਟਿੰਗ 17 ਮਾਰਚ ਨੁੰ ਦੁਪਹਿਰ ਬਾਅਦ 2.00 ਵਜੇ ਹੋਵੇਗੀ।

ਇਸ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਮੀਦਵਾਰਾਂ ਨੁੰ ਆਖਿਆ ਕਿ ਉਹ ਚੰਡੀਗੜ੍ਹ ਦੀ ਮੀਟਿੰਗ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਹਲਕਿਆਂ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕਰਨ।

Share this Article
Leave a comment