ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਨਾਂ ‘ਤੇ ਸਿਆਸਤ ਕਰ ਰਿਹਾ ਅਕਾਲੀ ਦਲ :  ਤ੍ਰਿਪਤ ਰਜਿੰਦਰ ਸਿੰਘ ਬਾਜਵਾ

TeamGlobalPunjab
2 Min Read

ਚੰਡੀਗੜ : ਪੰਜਾਬ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ‘ਚ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਬਿਆਨਬਾਜ਼ੀ ਕਰਕੇ ਇੱਕ ਦੂਜੇ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਕਾਲੀ ਦਲ ਨੂੰ ਆੜੇ ਹੱਥੀ ਲਿਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ  ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰ ਰਹੇ ਹਨ।

ਪੰਚਾਇਤ ਮੰਤਰੀ ਨੇ ਅੱਜ ਕਿਹਾ ਕਿ ਹਿੰਦੋਸਤਾਨ ਦੇ ਕੁਝ ਇੱਕ ਗਿਣਵੇ ਚੁਣਵੇ ਅਮੀਰ ਪਰਿਵਾਰਾਂ ਵਿਚ ਸ਼ੁਮਾਰ ਬਾਦਲ ਪਰਿਵਾਰ ਦੇ ਇੱਕ ਵੀ ਜੀਅ ਨੇ ਪੰਜਾਬ ਸਰਕਾਰ ਵਲੋਂ ਕਰੋਨਾ ਵਿਰੁਧ ਲੜੀ ਜਾ ਰਹੀ ਜੰਗ ‘ਚ ਆਰਥਿਕ ਤੌਰ ‘ਤੇ ਕੋਈ ਮਦਦ ਨਹੀਂ ਕੀਤੀ। ਹੋਰ ਤਾਂ ਹੋਰ ਬਾਦਲ ਪਰਿਵਾਰ ਦੇ ਤਿੰਨਾਂ ਜੀਆਂ ਵਲੋਂ ਸਰਕਾਰ ਤੋਂ ਲਈਆਂ ਜਾ ਰਹੀਆਂ ਵੱਡੀਆਂ ਪੈਨਸ਼ਨਾ ਅਤੇ ਤਨਖਾਹਾਂ ਵਿਚੋਂ ਵੀ ਇੱਕ ਪੈਸਾ ਵੀ ਮੁੱਖ ਮੰਤਰੀ ਰਾਹਤ ਕੋਸ਼ ਵਿਚ ਨਹੀਂ ਦਿੱਤਾ ਗਿਆ।

ਬਾਜਵਾ ਨੇ ਕਿਹਾ ਕਿ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ੨੬ ਸੇਵਾਦਾਰਾਂ ਦੇ ਕੋਰੋਨਾ ਰੋਗੀ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਉਹਨਾਂ ਅਕਾਲੀ ਆਗੂਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਹੜੇ ਨਾਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਕੋਰੋਨਾ ਰੋਗੀ ਹੋਣ ਪਿੱਛੇ ਕਿਸੇ ਸਾਜ਼ਿਸ਼ ਹੋਣ ਦਾ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਕੇ ਕਰੋਨਾ ਵਿਰੁੱਧ ਜੰਗ ਲੜ ਰਹੇ ਸਿਹਤ ਕਰਮੀਆਂ ਦਾ ਹੌਸਲਾ ਤੋੜਣ ਦਾ ਗੁਨਾਹ ਕਰਦੇ ਆ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਸਰਕਾਰ ਵਲੋਂ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਅੜਿੱਕੇ ਡਾਹੁਣ ਦੀ ਥਾਂ ਆਪਣੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ ਉੱਤੇ ਦਬਾਅ ਪਾ ਕੇ ਕਣਕ ਦੇ ਖ਼ਰੀਦ ਮੁੱੱਲ਼ ਵਿਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਾਉਣ ਤਾਂ ਕਿ ਇਸ ਔਖ਼ੀ ਘੜੀ ਵਿਚ ਸੂਬੇ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।

Share This Article
Leave a Comment