ਅਕਾਲੀ ਦਲ ਨੇ ਨਜਾਇਜ਼ ਸ਼ਰਾਬ ਤੇ ਨਸ਼ਿਆਂ ਦੇ ਕਾਰੋਬਾਰ ਦੇ ਪਸਾਰ ਦੀ ਵੱਖਰੀ ਜਾਂਚ ਕਰਵਾਏ ਜਾਣ ਦੀ ਕੀਤੀ ਮੰਗ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜ਼ਹਿਰੀਲੀ ਸਰਾਰਬ ਤ੍ਰਾਸਦੀ ਦੇ ਪੀੜਤਾਂ ਅਤੇ ਗਵਾਹਾਂ ਵੱਲੋਂ ਕਾਂਗਰਸੀ ਵਿਧਾਇਕਾਂ ਦੀ ਇਸ ਵਿਚ ਸ਼ਮੂਲੀਅਤ ਅਤੇ ਸ਼ਰਾਬ ਮਾਫੀਆ ਤੇ ਕਾਂਗਰਸ ਹਾਈ ਕਮਾਂਡ ਵਿਚਾਲੇ ਸਿੱਧਾ ਸੰਬੰਧ ਸਥਾਪਿਤ ਹੋਣ ਦੇ ਮੱਦੇਨਜ਼ਰ ਰਾਜ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਬਿਨਾਂ ਦੇਰੀ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਰਖ਼ਾਸਤ ਕਰਨਾ ਚਾਹੀਦਾ ਹੈ।

ਰਾਜ ਭਵਨ ਤੱਕ ਰੋਸ ਮਾਰਚ ਦੀ ਅਗਵਾਈ ਕਰਨ ਅਤੇ ਗ੍ਰਿਫਤਾਰੀਆਂ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਨੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਨਜਾਇਜ਼ ਸ਼ਰਾਬ ਵੰਡਣ ਜਿਸ ਨਾਲ 137 ਮੌਤਾਂ ਹੋਈਆਂ ਦੇ ਪੀੜਤਾਂ ਵੱਲੋਂ ਮੁਜਰਤ ਠਹਿਰਾਏ ਗਏ ਕਾਂਗਰਸੀ ਵਿਧਾਇਕਾਂ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਅਤੇ ਇਹ ਦੋਸ਼ ਸਾਹਮਣੇ ਆਉਣ ਕਿ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਨੇ ਕਾਂਗਰਸ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਸਮਰਥ ਨਹੀਂ ਹੈ।

ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਮਾਮਲੇ ਦਾ ਸੱਚ ਸਾਹਮਣੇ ਲਿਆ ਸਕਦੀ ਹੈ ਤੇ ਇਸ ਨਾਲ ਇਸ ਘਨੌਣੇ ਅਪਰਾਧ ਦੇ ਦੋਸ਼ੀ ਕਾਂਗਰਸੀ ਵਿਧਾਇਕ ਸਲਾਖਾਂ ਪਿੱਛੇ ਜਾ ਸਕਦੇ ਹਨ। ਸੀ ਬੀ ਆਈ ਜਾਂਚ ‘ਤੇ ਜ਼ੋਰ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਪਹਿਲਾਂ ਜਿਵੇਂ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਲੋਕਾਂ ਨੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ ਤੇ ਹੁਣ ਸੀ ਬੀ ਆਈ ਜਾਂਚ ਸ਼ੁਰੂ ਹੋ ਗਈ ਹੈ, ਇਸੇ ਤਰੀਕੇ ਇਸ ਮਾਮਲੇ ਵਿਚ 100 ਸੁਸ਼ਾਂਤ ਮਰੇ ਹਨ। ਗਰੀਬ ਅਤੇ ਦਲਿਤ ਪਰਿਵਾਰਾਂ ਨੇ ਆਪਣੇ ਕਮਾਉਣ ਵਾਲੇ ਜੀਅ ਗੁਆ ਲਏ ਹਨ। ਇਸ ਕੇਸ ਦਾ ਸੱਚ ਸਾਹਮਣੇ ਲਿਆਉਣ ਲਈ ਸੀ ਬੀ ਆਈ ਜਾਂਚ ਜ਼ਰੂਰੀ ਹੈ।

ਅਕਾਲੀ ਆਗੂ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬੇ ਵਿਚ ਨਜਾਇਜ਼ ਸ਼ਰਾਬ ਤੇ ਨਸ਼ਿਆਂ ਦੇ ਕਾਰੋਬਾਰ ਦੇ ਪਸਾਰ ਦੀ ਜਾਂਚ ਦੇ ਹੁਕਮ ਵੱਖਰੇ ਤੌਰ ‘ਤੇ ਕਰਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਸ਼ਰਾਬ ਤੇ ਨਸ਼ੇ ਹੁਣ ਘਰ ਘਰ ਪਹੁੰਚਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼ਰਾਬ ਤੇ ਨਸ਼ਾ ਮਾਫੀਆ ਨੂੰ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਕੋਈ ਡਰ ਨਹੀਂ ਰਿਹਾ ਕਿਉਂਕਿ ਉਹ ਕਾਂਗਰਸੀਆਂ ਦੇ ਨਾਲ ਰਲ ਕੇ ਅਜਿਹੀਆਂ ਗਤੀਵਿਧੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਜਾਂਚ ਸਦਕਾ ਨਾ ਸਿਰਫ ਉਹ ਫੜੇ ਜਾਣਗੇ ਜੋ ਸਮਾਜ ਵਿਚ ਜ਼ਹਿਰ ਪਸਾਰ ਰਹੇ ਹਨ ਬਲਕਿ ਇਸ ਨਾਲ ਇਸਦੀ ਪੁਸ਼ਤ ਪਨਾਹੀ ਕਰਨ ਵਾਲੇ ਵੀ ਕਾਬੂ ਆ ਸਕਣਗੇ। ਉਹਨਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਮਦਦ ਵੀ ਕਾਂਗਰਸੀ ਆਗੂ ਜਿਹਨਾਂ ‘ਤੇ ਸ਼ਰਾਬ ਅਤੇ ਨਸ਼ਾ ਮਾਫੀਆ ਦੀ ਪੁਸ਼ਤ ਪਨਾਹੀ ਦੇ ਦੋਸ਼ ਹਨ, ਦੇ ਸਰਮਾਏ ਵਿਚ ਲਗਾਤਾਰ ਵਾਧੇ ਦੀ ਜਾਂਚ ਵਾਸਤੇ ਲਈ ਜਾ ਸਕਦੀ ਹੈ।

- Advertisement -

ਸ਼ਰਨਜੀਤ ਢਿੱਲੋਂ ਨੇ ਐਲਾਨ ਕੀਤਾ ਕਿ ਅਕਾਲੀ ਦਲ 138 ਜਣੇ ਜਿਹਨਾਂ ਨੇ ਜ਼ਹਿਰੀਲੀ ਸ਼ਰਾਬ ਵਿਚ ਆਪਣੀ ਜਾਨ ਗੁਆਈ, ਲਈ ਨਿਆਂ ਹਾਸਲ ਕਰਨ ਵਾਸਤੇ ਆਪਣੇ ਰੋਸ ਪ੍ਰਦਰਸ਼ਨ ਜਾਰੀ ਰੱਖੇਗਾ। ਉਹਨਾਂ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਲਈ ਮੁਆਵਜ਼ਾ 25-25 ਲੱਖ ਰੁਪਏ ਤੱਕ ਵਧਾਇਆ ਜਾਵੇ ਅਤੇ ਹਰ ਪੀੜਤ ਪਰਿਵਾਰ ਵਿਚੋਂ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਸ ਦੌਰਾਨ ਧਰਨਾ ਕੋਆਰਡੀਨੇਟਰ ਅਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਐਲਾਨ ਕੀਤਾ ਕਿ ਪਾਰਟੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤਾਂ ਲਈ ਨਿਆਂ ਵਾਸਤੇ ਆਪਣੀ ਮੁਹਿੰਮ ਤੇਜ਼ ਕਰੇਗੀ ਅਤੇ ਅਗਲੀ ਰਣਨੀਤੀ ਦਾ ਐਲਾਨ ਜਲਦ ਕੀਤਾ ਜਾਵੇਗਾ।

Share this Article
Leave a comment