ਚੰਡੀਗੜ੍ਹ – ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਪਾਸ ਕੀਤੇ ਅੱਜ ਇੱਕ ਸਾਲ ਪੁਰਾ ਹੋ ਚੁੱਕਿਆ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਨੂੰ ਕਾਲੇ ਦਿਵਸ ਦੇ ਰੂਪ ‘ਚ ਮਨਾਉਂਦੇ ਹੋਏ ਜਿੱਥੇ ਦਿੱਲੀ ‘ਚ ਰੋਸ ਰੈਲੀ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਭਰ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਫਰੀਦਕੋਟ ‘ਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਪਤਨੀ ਸੁਖਜੀਵ ਕੌਰ ਦੀ ਅਗਵਾਈ ‘ਚ ਸ਼ਹਿਰ ਵਿੱਚ ਰੋਸ ਮਾਰਚ ਕੱਢੇ ਜਾਣ ਤੋਂ ਬਾਅਦ ਤਿੰਨੇ ਖੇਤੀ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਜਾਹਰ ਕੀਤਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਸੁਖਜੀਵ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸ ਰਿਹਾ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਦੇ ਰੋਸ ਵੱਜੋ ਆਪਣੇ ਮੰਤਰੀ ਮੰਡਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਵੀ ਨਾਤਾ ਤੋੜ ਲਿਆ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨ ਹਿਤੈਸ਼ੀ ਪਾਰਟੀ ਹੋਣ ਦੇ ਨਾਤੇ ਕਿਸਾਨਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਰੈਲੀ ਨੂੰ ਮਨਜ਼ੂਰੀ ਨਾਂ ਦਿੱਤੇ ਜਾਣਾ ਅਤੇ ਗੁਰਦੁਆਰਿਆਂ ਦੇ ਬਾਹਰ ਬੈਰੀਕੇਡਿੰਗ ਕਰਨੀ ਕਿਤੇ ਨਾ ਕਿਤੇ ਸਰਕਾਰ ਦੇ ਡਰ ਨੂੰ ਜ਼ਾਹਰ ਕਰਦੀ ਹੈ।