ਲਾਹੌਰ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਅਕਾਲ ਤਖ਼ਤ ਨੇ ਪਾਕਿਸਤਾਨ ਪੰਜਾਬ ਸਰਕਾਰ ਦਾ ਧਿਆਨ ਖਿੱਚਿਆ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਖ਼ਾਸ ਤੌਰ ’ਤੇ ‘ਲਾਲ ਖੂਹ, ਕੱਟੜੀ ਚੰਦੂ’ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਹ ਸਥਾਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਦੱਸਿਆ ਗਿਆ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਭੇਜੇ ਪੱਤਰ ਵਿੱਚ ਲਹਿੰਦੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਨ ਕੀਤਾ ਗਿਆ ਹੈ। ਪੱਤਰ ਮੁਤਾਬਕ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਥਿਤ ਲਾਲ ਖੂਹ, ਕੱਟੜੀ ਚੰਦੂ ਨਾਲ ਸਬੰਧਤ ਮਾਮਲਾ ਸਿੱਖ ਸੰਗਤ ਰਾਹੀਂ ਅਕਾਲ ਤਖ਼ਤ ਦੇ ਧਿਆਨ ਵਿੱਚ ਆਇਆ।
ਇਸ ਸਥਾਨ ਦੇ ਆਲੇ-ਦੁਆਲੇ ਕਿਸੇ ਤਰ੍ਹਾਂ ਦੀ ਉਸਾਰੀ ਜਾਂ ਹੋਰ ਤਬਦੀਲੀ ਹੋਣ ਦੀਆਂ ਚਿੰਤਾਵਾਂ ਸਾਹਮਣੇ ਆਈਆਂ ਹਨ। ਇਸ ਲਈ ਜਥੇਦਾਰ ਨੇ ਮਾਮਲੇ ਦੀ ਅਧਿਕਾਰਤ ਅਤੇ ਤੱਥਾਂ ’ਤੇ ਆਧਾਰਿਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਲਾਲ ਖੂਹ, ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਤੁਰੰਤ ਜਾਂਚ ਕਰਵਾਈ ਜਾਵੇ। ਜੇਕਰ ਉੱਥੇ ਕਿਸੇ ਤਰ੍ਹਾਂ ਦੀ ਉਸਾਰੀ ਜਾਂ ਤਬਦੀਲੀ ਚੱਲ ਰਹੀ ਹੈ ਤਾਂ ਜਾਂਚ ਪੂਰੀ ਹੋਣ ਤੱਕ ਉਸ ਨੂੰ ਰੋਕਿਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਲਾਹੌਰ ਅਥਾਰਿਟੀ, ਪੁਰਾਤੱਤਵ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਮਾਹਿਰਾਂ ਰਾਹੀਂ ਇਸ ਸਥਾਨ ਦੀ ਇਤਿਹਾਸਕ ਅਤੇ ਵਿਰਾਸਤੀ ਮਹੱਤਤਾ ਦੀ ਪੜਤਾਲ ਕਰਵਾਈ ਜਾਵੇ।
ਸਿੱਖ ਮਾਹਿਰਾਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੀ ਮੰਗ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਾਂਚ ਪ੍ਰਕਿਰਿਆ ਵਿੱਚ ਸਿੱਖ ਇਤਿਹਾਸ ਦੇ ਮਾਹਿਰਾਂ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਹੈ। ਜੇ ਜਾਂਚ ਦੌਰਾਨ ਸਥਾਨ ਦੀ ਇਤਿਹਾਸਕ ਮਹੱਤਤਾ ਸਾਬਤ ਹੁੰਦੀ ਹੈ ਤਾਂ ਇਸ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਵਿਰਾਸਤੀ ਸਥਾਨ ਵਜੋਂ ਦਰਜ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਪੱਤਰ ਵਿੱਚ ਲਾਹੌਰ ਦੇ ਅੰਦਰੂਨ ਸ਼ਹਿਰ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਸਾਰੇ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਤਹਿਤ ਇਨ੍ਹਾਂ ਸਥਾਨਾਂ ਦੀ ਮੌਜੂਦਾ ਸਥਿਤੀ, ਇਤਿਹਾਸਕ ਮਹੱਤਤਾ, ਮਲਕੀਅਤ ਅਤੇ ਕਾਨੂੰਨੀ ਸਥਿਤੀ ਦਾ ਰਿਕਾਰਡ ਤਿਆਰ ਕਰਨ ਲਈ ਕਿਹਾ ਗਿਆ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਮੀਦ ਜਤਾਈ ਕਿ ਲਹਿੰਦੇ ਪੰਜਾਬ ਦੀ ਸਰਕਾਰ, ਲਾਹੌਰ ਅਥਾਰਿਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੂੰ ਵੀ ਦਿੱਤੀ ਜਾਵੇਗੀ।

