ਸਿੰਘ ਸਾਹਿਬਾਨ ਦਾ ਵਲਟੋਹਾ ਨੂੰ ਝਟਕਾ !

Global Team
4 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਦਲੇਰਾਨਾ ਗੱਲ ਕਰਨ ਵਾਲੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸਿੰਘ ਸਾਹਿਬਾਨ ਨੇ ਰਾਜਸੀ ਸਜਾ ਸੁਣਾਉਦੇ ਹੋਏ ਅਕਾਲੀ ਦਲ ਨੂੰ ਆਦੇਸ਼ ਦਿੱਤਾ ਹੈ ਕਿ ਵਲਟੋਹਾ ਨੂੰ 24 ਘੰਟੇ ਦੇ ਅੰਦਰ ਦਸ ਸਾਲ ਲਈ ਪਾਰਟੀ ਤੋਂ ਬਾਹਰ ਕੱਢ ਦਿਤਾ ਜਾਵੇ। ਸਿੰਘ ਸਾਹਿਬਾਨ ਦੇ ਇਸ ਫੈਸਲੇ ਨਾਲ ਸਮੁੱਚੇ ਅਕਾਲੀ ਦਲ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਪਹਿਲਾਂ ਹੀ ਹਾਸ਼ੀਆ ਤੇ ਜਾ ਚੁੱਕੇ ਅਕਾਲੀ ਦਲ ਲਈ ਇਹ ਬਹੁਤ ਵੱਡਾ ਝਟਕਾ ਹੈ ਤਾਂ ਹੈ ਹੀ ਪਰ ਇਸ ਨਾਲ ਸਿੱਖ ਹਲਕਿਆਂ ਅੰਦਰ ਵੀ ਵੱਡੀ ਹਲਚਲ ਮੱਚ ਗਈ ਹੈ। ਬੇਸ਼ਕ ਪਿਛਲੇ ਸਮਿਆਂ ਅੰਦਰ ਸਿੰਘ ਸਾਹਿਬਾਨ ਨੇ ਹੋਰ ਵੀ ਕਈ ਅਹਿਮ ਫੈਸਲੇ ਲਏ ਹਨ ਪਰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਦਰਸ਼ਨ ਸਿੰਘ ਵਲੋਂ ਥਮਲੇ ਨਾਲ ਬੰਨਣ ਦੇ ਲਏ ਫੈਸਲੇ ਬਾਅਦ ਇਹ ਵੱਡਾ ਫੈਸਲਾ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਕੇ ਧਾਰਮਿਕ ਮਾਮਲਿਆਂ ਵਿਚ ਕਈ ਗੰਭੀਰ ਗਲਤੀਆਂ ਦੇ ਦੋਸ਼ ਲਾਏ ਸਨ। ਅਜਿਹੇ ਮਾਮਲਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ , ਡੇਰਾ ਸਿਰਸਾ ਮੁਖੀ ਨੂੰ ਮਾਫੀ ਅਤੇ ਸਿੱਖ ਸੰਸਥਾਵਾਂ ਦੇ ਨਿਘਾਰ ਦੇ ਮਾਮਲੇ ਸ਼ਾਮਲ ਸਨ। ਇਹ ਵੀ ਕਿਹਾ ਗਿਆ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਵੇ ਕਿਉਂ ਜੋ ਸਾਰੇ ਨਿਘਾਰ ਲਈ ਸੁਖਬੀਰ ਬਾਦਲ ਜਿੰਮੇਵਾਰ ਹੈ।

ਸਿੰਘ ਸਾਹਿਬਾਨ ਨੂੰ ਵੱਖ ਵੱਖ ਸਿੰਖ ਸੰਸਥਾਵਾਂ ਦੇ ਵਫਦ ਵੀ ਇਸ ਸਮੇ ਦੌਰਾਨ ਮਿਲਦੇ ਰਹੇ ਹਨ। ਸਿੰਘ ਸਾਹਿਬਾਨ ਕੋਲ ਜਿਹੜੇ ਅਕਾਲੀ ਆਗੂਆਂ ਨੇ ਸ਼ਕਾਇਤ ਕੀਤੀ ਸੀ ਉਨਾਂ ਵਿੱਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ ,ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕਈ ਹੋਰ ਅਕਾਲੀ ਆਗੂ ਵੀ ਸ਼ਾਮਲ ਸਨ। ਇਨਾਂ ਆਗੂਆਂ ਕੋਲੋਂ ਵੀ ਆਈਆਂ ਸ਼ਕਾਇਤਾਂ ਦੇ ਲਿਖਤੀ ਜਵਾਬ ਲਏ ਗਏ।

ਇਸੇ ਦੌਰਾਨ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਪਰ ਅੱਗੇ ਸਜਾ ਦੇਣ ਵਾਲੇ ਪਾਸੇ ਕੋਈ ਕਾਰਵਾਈ ਨਾ ਹੋਈ। ਇਸ ਕਾਰਨ ਸੁਖਬੀਰ ਸਿੰਘ ਬਾਦਲ ਦੀਆਂ ਰਾਜਸੀ ਅਤੇ ਧਾਰਮਿਕ ਸਰਗਰਮੀਆਂ ਠੱਪ ਹੋਕੇ ਰਹਿ ਗਈਆਂ। ਵਲਟੋਹਾ ਨੇ ਇਸ ਮਾਮਲੇ ਵਿਚ ਦੇਰੀ ਦਾ ਮਾਮਲਾ ਉਠਾਇਆ । ਵਲਟੋਹਾ ਦਾ ਕਹਿਣਾ ਹੈ ਕਿ ਬਾਹਰੀ ਦਬਾ ਕਾਰਨ ਸਿੰਘ ਸਾਹਿਬਾਨ ਫੈਸਲਾ ਨਹੀ ਸੁਣਾ ਰਹੇ ਅਤੇ ਸੁਖਬੀਰ ਬਾਦਲ ਲਈ ਮੁਸ਼ਕਲ ਬਣੀ ਹੋਈ ਹੈ। ਵਲਟੋਹਾ ਨੇ ਸਿੱਧੇ ਤੌਰ ਤੇ ਦੋਸ਼ ਲਾ ਦਿੱਤਾ ਕਿ ਸਿੰਘ ਸਾਹਿਬਾਨ ਭਾਜਪਾ ਅਤੇ ਆਰ ਐਸ ਐਸ ਦੇ ਦਬਾ ਹੇਠ ਹਨ । ਇਕ ਮਾਮਲੇ ਵਿਚ ਤਾਂ ਉਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਹੀ ਜੋੜ ਦਿਤਾ।

ਸਿੰਘ ਸਾਹਿਬਾਨ ਨੇ ਸਬੂਤਾਂ ਸਮੇਤ ਮਾਮਲੇ ਦੇ ਸਪਸ਼ਟੀਕਰਨ ਲਈ ਵਲਟੋਹਾ ਨੂੰ ਅਜ ਪੇਸ਼ ਹੋਣ ਲਈ ਕਿਰਾ ਸੀ। ਵਲਟੋਹਾ ਅੱਜ ਪੇਸ਼ ਹੋਏ ਅਤੇ ਕੁਝ ਤੱਥ ਵੀ ਪੇਸ਼ ਕੀਤੇ। ਸਿੰਘ ਸਾਹਿਬਾਨ ਨੇ ਮੀਟਿੰਗ ਕਰਕੇ ਸਾਰੇ ਮਾਮਲੇ ਨੂੰ ਵਿਚਾਰਨ ਬਾਦ ਵਲਟੋਹਾ ਬਾਰੇ ਫਤਵਾ ਸੁਣਾ ਦਿੱਤਾ। ਇਸ ਤਰਾਂ ਸੁਖਬੀਰ ਬਾਦਲ ਬਾਰੇ ਤਾਂ ਅਜੇ ਕੋਈ ਫੈਸਲਾ ਨਹੀ ਲਿਆ ਗਿਆ ਪਰ ਵਲਟੋਹਾ ਪਹਿਲਾਂ ਹੀ ਆਪਣੇ ਬਿਆਨਾਂ ਕਾਰਨ ਵੱਡਾ ਝਟਕਾ ਖਾ ਬੈਠੇ।

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਅਕਾਲੀ ਦਲ ਵਲੋਂ ਵਲਟੋਹਾ ਬਾਰੇ ਫੈਸਲਾ ਸਿਰਮੱਥੇ ਹੈ। ਅਕਾਲੀ ਦਲ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਵਲਟੋਹਾ ਨੇ ਆਪਣੇ ਸ਼ਬਦਾਂ ਲਈ ਮਾਫੀ ਮੰਗੀ ਹੈ ਪਰ ਸਿੰਘ ਸਾਹਿਬਾਨ ਦਾ ਫੈਸਲਾ ਆ ਗਿਆ ਹੈ। ਟਕਸਾਲੀ ਅਕਾਲੀ ਨੇਤਾ ਵਡਾਲਾ ਅਤੇ ਹੋਰਾਂ ਨੇ ਸਿੰਘ ਸਾਹਿਬਾਨ ਦੀ ਹਮਾਇਤ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਸਿੰਘ ਸਾਹਿਬਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੇਸ ਵਿਚ ਕੀ ਫੈਸਲਾ ਲੈਂਦੇ ਹਨ?

ਸੰਪਰਕਃ 9814002186

Share This Article
Leave a Comment