ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲਾ : ਅਦਾਲਤ ਨੇ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ

TeamGlobalPunjab
2 Min Read

ਅਜਨਾਲਾ : ਅਗਸਤ ਮਹੀਨੇ ਵਿਚ ਅਜਨਾਲਾ ਦੇ ਇੱਕ ਪੈਟਰੋਲ ਪੰਪ ‘ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ, ਗੁਰਪ੍ਰੀਤ ਸਿੰਘ ਗੋਪੀ ਅਤੇ ਮਲਕੀਤ ਸਿੰਘ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ ।

ਜ਼ਿਕਰਯੋਗ ਹੈ ਕਿ ਬੀਤੀ 8 ਅਗਸਤ ਨੂੰ ਅਜਨਾਲਾ-ਅੰਮ੍ਰਿਤਸਰ ਰੋਡ ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਖੜ੍ਹੇ ਤੇਲ ਟੈਂਕਰ ਨੂੰ 4 ਅਣਪਛਾਤੇ ਵਿਅਕਤੀਆਂ ਵਲੋਂ ਯੋਜਨਾਬੱਧ ਤਰੀਕੇ ਨਾਲ ਟਿਫਨ ਬੰਬ ਧਮਾਕੇ ਨਾਲ ਉੜਾ ਦਿੱਤਾ ਗਿਆ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲਣ ਅਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਗੁਰਮੁਖ ਸਿੰਘ ਰੋਡੇ ਸਮੇਤ ਹੋਰਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।

ਉਧਰ ਟੈਂਕਰ ਵਿੱਚ ਹੋਏ ਧਮਾਕੇ ਦੇ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਵਿੱਚੋਂ ਇੱਕ ਰੂਬਲ ਤੋਂ ਕਈ ਅਹਿਮ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ, ਕਿਉਂਕਿ ਅਜੇ ਵੀ ਇੱਕ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਦਰਅਸਲ, ਜਲੰਧਰ ਵਿੱਚ ਫੜੇ ਗਏ ਗੁਰਮੁਖ ਸਿੰਘ ਰੋਡੇ ਨੇ ਤਿੰਨ ਟਿਫਿਨ ਬੰਬ ਸਪਲਾਈ ਕੀਤੇ ਸਨ। ਉਨ੍ਹਾਂ ਵਿੱਚੋਂ ਇੱਕ ਨਾਲ ਅਜਨਾਲਾ ਵਿੱਚ ਧਮਾਕਾ ਕੀਤਾ ਗਿਆ ਸੀ, ਪਰ ਦੋ ਦੀ ਭਾਲ ਅਜੇ ਖਤਮ ਨਹੀਂ ਹੋਈ ਹੈ। ਵੀਰਵਾਰ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਗੁਰਮੁਖ ਦੇ ਲਿੰਕ ਵਾਲੇ ਚਾਰ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਲੰਧਰ ਤੋਂ ਫੜਿਆ ਗਿਆ ਗੁਰਮੁਖ ਸਿੰਘ ਰੋਡੇ ਪਾਕਿਸਤਾਨ ਵਿੱਚ ਬੈਠਾ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਭਤੀਜਾ ਹੈ।

- Advertisement -

ਬੀਤੇ ਦਿਨ ਆਈਈਡੀ ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਸਮਰਥਤ ਅੱਤਵਾਦੀ ਮਾਡਿਊਲ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਪਿਛਲੇ 40 ਦਿਨਾਂ ਵਿੱਚ ਸੂਬੇ ਵਿੱਚ ਪਾਕਿਸਤਾਨੀ ਦਹਿਸ਼ਤਗਰਦੀ ਮਾਡਿਊਲ ਦਾ ਪਰਦਾਫਾਸ਼ ਕੀਤੇ ਜਾਣ ਦਾ ਇਹ ਚੌਥਾ ਮਾਮਲਾ ਸੀ।

Share this Article
Leave a comment