ਅੰਮ੍ਰਿਤਸਰ:ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਸਕੱਤਰ ਜਨਰਲ ਹਰਵਿੰਦਰ ਸਿੰਘ ਸੰਧੂ ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਅਤੇ ਖਜ਼ਾਨਚੀ ਕੁਲਵੰਤ ਸਿੰਘ ਬਾਠ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਜਥੇਬੰਦੀ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਦਿੱਲੀ ਵਿਖੇ ਵੱਖ ਵੱਖ ਮੋਰਚਿਆਂ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਸਮੇਤ ਹੋਰ ਮੰਗਾਂ ਦੇ ਲਈ ਚੱਲ ਰਿਹਾ ਕਿਸਾਨੀ ਸੰਘਰਸ਼ ਆਪਣੇ ਪੜਾਅ ਪੂਰਾ ਕਰਦਿਆਂ ਜੇਤੂ ਹੋ ਨਿਕਲਿਆ ਹੈ।
ਗੜ੍ਹਦੀਵਾਲਾ ਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਜਿੱਤ ਹੀ ਜਿੱਤ ਹੋਈ ਹੈ ਉਨਾ ਜਥੇਬੰਦੀ ਦੇ ਸੰਮੂਹ ਅਹੁਦੇਦਾਰਾਂ ਵੱਲੋਂ ਕੰਢੀ ਇਲਾਕੇ ਦੇ ਸਮੂਹ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਹੋਰ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਾਰੀਆਂ ਧਿਰਾਂ ਦੀ ਜਿੱਤ ਹੈ ਅਤੇ ਇਸ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਸਮੂਹ ਪਰਿਵਾਰਾਂ ਨੂੰ ਸਿਜਦਾ ਕਰਦੀ ਹੈ।
ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਜਥੇਬੰਦੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਕੀਤੇ ਗਏ ਸਮਾਰੋਹ ਦੇ ਦੌਰਾਨ ਕੰਢੀ ਕਿਸਾਨ ਸੰਘਰਸ਼ ਕਮੇਟੀ ਵੱਲੋ ਜਰਨੈਲ ਸਿੰਘ ਗੜ੍ਹਦੀਵਾਲਾ ਮੀਤ ਚੇਅਰਮੈਨ ਅਤੇ ਗੁਰਜੀਤ ਸਿੰਘ ਨੀਲਾ ਨਲੋਆ ਜਨਰਲ ਸਕੱਤਰ ਨੇ ਸਨਮਾਨ ਪ੍ਰਾਪਤ ਕੀਤਾ।ਜਥੇਬੰਦੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਨੂੰ ਵੀ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਲਖੀਮਪੁਰ ਖੀਰੀ ਕਿਸਾਨ ਕਤਲ ਕਾਂਡ ਦੇ ਸਬੰਧ ਐੱਸਆਈਟੀ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਸਆਈਟੀ ਵੱਲੋਂ ਆਪਣੀ ਰਿਪੋਰਟ ‘ਚ ਇਸ ਕਾਂਡ ਨੂੰ ਗਿਣੀ ਮਿੱਥੀ ਸਾਜ਼ਿਸ਼ ਦੱਸਿਆ ਗਿਆ ਹੈ। ਇਸ ਦੇ ਬਾਵਜੂਦ ਮੋਦੀ ਸਰਕਾਰ ਵੱਲੋ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਜੇ ਤੱਕ ਉਸ ਅਹੁਦੇ ਤੇ ਬਣਾਈ ਰੱਖਣ ਦੇਸ਼ ਦੇ ਸੰਮੂਹ ਨਾਗਰਿਕਾਂ ਨਾਲ ਧੋਖਾ ਅਤੇ ਲੋਕਤੰਤਰ ਦਾ ਘਾਣ ਹੈ।56 ਇੰਚੀ ਸੀਨੇ ਦੀ ਤਾਕਤ ਦਿਖਾਉਂਦਿਆਂ ਟੈਨੀ ਨੂੰ ਛੇਤੀ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ।