ਨਵੀਂ ਦਿੱਲੀ: ਭਾਰਤ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ‘ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਸਾਈਬਰ ਅਟੈਕ ‘ਚ ਯਾਤਰੀਆਂ ਦਾ ਨਿੱਜੀ ਡਾਟਾ ਲੀਕ ਹੋ ਗਿਆ। ਜਿਸ ‘ਚ ਕ੍ਰੈਡਿਟ ਕਾਰਡ ਨਾਲ ਜੁੜੀਆਂ ਜਾਣਕਾਰੀਆਂ, ਪਾਸਪੋਰਟ ਸਬੰਧੀ, ਟਿਕਟ ਦੀ ਜਾਣਕਾਰੀ, ਜਨਮ ਮਿਤੀ, ਨਾਮ, ਫੋਨ ਨੰਬਰ ਆਦਿ ਡਿਟੇਲਸ ਸ਼ਾਮਲ ਹਨ।
ਇਸ ਘਟਨਾ ਵਿੱਚ ਅਗਸਤ 2011 ਤੋਂ ਲੈ ਫਰਵਰੀ 2021 ਤੱਕ ਦਾ ਡਾਟਾ ਪ੍ਰਭਾਵਿਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਈਬਰ ਅਟੈਕ ਦੇ ਦਾਇਰੇ ‘ਚ ਹੋਰ ਇੰਟਰਨੈਸ਼ਨਲ ਏਅਰਲਾਈਨਜ਼ ਵੀ ਆ ਸਕਦੀਆਂ ਹਨ।
ਏਅਰ ਇੰਡੀਆ ਨੇ ਕਿਹਾ ਹੈ ਕਿ ਇਸ ਵਿਚ ਦੁਨੀਆਂ ਭਰ ਨਾਲ ਜੁੜੇ ਲਗਭਗ 45 ਲੱਖ ਯਾਤਰੀਆਂ ਦਾ ਡਾਟਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਸਾਡੇ ਡਾਟਾ ਪ੍ਰੋਸੈਸਰ ਦੇ ਕੋਲ CVV/CVC ਨੰਬਰ ਨਹੀਂ ਹੁੰਦੇ।
ਕੰਪਨੀ ਦਾ ਕਹਿਣਾ ਹੈ ਕਿ ਇਸ ਸਾਈਬਰ ਅਟੈਕ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਜਾਂਚ ਕੀਤੀ ਗਈ ਹੈ। ਜਿੰਨੇ ਵੀ ਪ੍ਰਭਾਵਿਤ ਸਰਵਰਸ ਸਨ, ਉਨ੍ਹਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਰੈਡਿਟ ਕਾਰਡ ਜਾਰੀ ਕਰਨ ਵਾਲੀ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ, ਇਸ ਦੇ ਨਾਲ ਹੀ ਏਅਰ ਇੰਡੀਆ ਦੇ FFP ਪ੍ਰੋਗਰਾਮ ਦੇ ਪਾਸਵਰਡ ਨੂੰ ਵੀ ਰੀਸੈੱਟ ਕਰ ਦਿੱਤਾ ਗਿਆ ਹੈ।