ਹਵਾਈ ਸੈਨਾ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ, AN-32 ਜਹਾਜ਼ ਨੂੰ ਲੈਂਡਿੰਗ ਦੌਰਾਨ ਲੱਗੀ ਅੱਗ! ਬਚਾਅ ਕਾਰਜ ‘ਚ ਜੁਟੀਆਂ ਟੀਮਾਂ

Global Team
3 Min Read

ਨਵੀ ਦਿੱਲੀ : ਅਸਾਮ ਦੇ ਜੋਰਹਾਟ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਭਾਰਤੀ ਹਵਾਈ ਸੈਨਾ (IAF) ਦਾ ਇੱਕ AN-32 ਮਾਲਵਾਹਕ (ਕਾਰਗੋ) ਜਹਾਜ਼ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਸਪਲਾਈ ਸਮੱਗਰੀ ਦੀ ਢੋਆ-ਢੁਆਈ ਲਈ ਵਰਤਿਆ ਜਾਂਦਾ ਸੀ।

ਮੁਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਏਅਰਬੇਸ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਦੇ ਤੁਰੰਤ ਬਾਅਦ ਬਚਾਅ ਅਤੇ ਰਾਹਤ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਹਾਦਸੇ ਤੋਂ ਬਾਅਦ ਪਾਇਲਟ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਭਾਰਤੀ ਵਾਯੂਸੈਨਾ ਵੱਲੋਂ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕਰੈਸ਼ ਹੁੰਦੇ ਹੀ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਦੋ ਹਿੱਸਿਆਂ ਵਿੱਚ ਟੁੱਟ ਗਿਆ ਅਤੇ ਦੂਰੋਂ ਹੀ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਹੈ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਮੁਢਲੀ ਰਿਪੋਰਟ ਮੁਤਾਬਕ AN-32 ਐੇਅਰਕ੍ਰਾਫਟ ਏਅਰ ਫੋਰਸ ਦੇ ਜੋਰਹਾਟ ਸਟੇਸ਼ਨ ਦੇ ਅੰਦਰ ਹੀ ਡਿੱਗਿਆ ਹੈ। ਡਿੱਗਦੇ ਸਾਰ ਹੀ ਉਸ ਨੂੰ ਭਿਆਨਕ ਅੱਗ ਲੱਗ ਗਈ ਸੀ। ਐਮਰਜੈਂਸੀ ਰਿਸਪਾਂਸ ਟੀਮਾਂ ਮੌਕੇ ‘ਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਕਰੈਸ਼ ਹੋਣ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਭਾਰਤੀ ਵਾਯੂਸੈਨਾ ਵੱਲੋਂ ਹੁਣ ਤੱਕ ਕਰੈਸ਼ ਨਾਲ ਜੁੜੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਫਿਲਹਾਲ ਅਗਲੇਰੀ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਕੋਲ ਲਗਭਗ 100 ਐਂਟੋਨੋਵ AN-32 ਟੈਕਟੀਕਲ ਟ੍ਰਾਂਸਪੋਰਟ ਜਹਾਜ਼ਾਂ ਦਾ ਬੇੜਾ ਹੈ। ਹਾਲਾਂਕਿ IAF ਨੇ ਸ਼ੁਰੂ ਵਿੱਚ ਸੋਵੀਅਤ ਮੂਲ ਦੇ ਅਜਿਹੇ 125 ਪਲੇਨ ਖ਼ਰੀਦੇ ਸਨ, ਪਰ ਹੁਣ ਐਕਟਿਵ-ਡਿਊਟੀ ਜਹਾਜ਼ਾਂ ਦੀ ਗਿਣਤੀ ਲਗਭਗ 100 ਰਹਿ ਗਈ ਹੈ।AN-32 ਨੇ 1980 ਤੋਂ IAF ਦੀ ਮੀਡੀਅਮ-ਲਿਫਟ ਟ੍ਰਾਂਸਪੋਰਟ ਸਮਰੱਥਾਵਾਂ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕੀਤਾ ਹੈ। ਗਰਮ ਮੌਸਮ ਅਤੇ ਹਿਮਾਲਿਆ ਵਰਗੇ ਉੱਚੇ ਇਲਾਕਿਆਂ ਵਿੱਚ ਓਪਰੇਸ਼ਨਾਂ ਦੌਰਾਨ ਇਸ ਦੀ ਮਜ਼ਬੂਤੀ ਕਾਰਨ ਇਸ ਨੂੰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment