ਲੁਧਿਆਣਾ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਨੂੰ ਉੱਚ-ਮਿਆਰੀ ਦੇ ਇਨਪੁੱਟ ਖਾਦਾਂ, ਦਵਾਈਆਂ ਅਤੇ ਬੀਜਾਂ ਦੀ ਨਿਰਵਿਘਨ ਸਪਲਾਈ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਬੰਧਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਡਾ. ਨਰਿੰਦਰ ਸਿੰਘ ਬੈਨੀਪਾਲ ਅਤੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਟੀਮ ਨੇ ਜਗਰਾਉਂ ਵਿਖੇ ਪਰਦੇਸੀ ਢਾਬਾ ਦੇ ਪਿਛਲੇ ਪਾਸੇ ਮਨੋਜ ਕੁਮਾਰ ਪੁੱਤਰ ਰਾਮ ਆਸਰਾ ਵਾਸੀ ਕੋਠੇ ਸ਼ੇਰ ਜੰਗ ਦੇ ਜਗਰਾਉਂ ਦੀ ‘ਰਾਫਾ ਬਾਇਓਟੈਕ’ ਵਿਖੇ ਛਾਪਾ ਮਾਰਿਆ ਗਿਆ।
ਇਸ ਦੌਰਾਨ ਮੌਕੇ ਤੇ ਮਨੋਜ ਕੁਮਾਰ ਵੱਲੋਂ ਭਾਰੀ ਮਾਤਰਾ ਵਿੱਚ ਜ਼ਿੰਕ ਸਲਫੇਟ 33 ਪ੍ਰਤੀਸ਼ਤ ਅਤੇ ਮੈਗਨੀਜ ਸਲਫੇਟ ਦਾ ਵੱਖੋ-ਵੱਖ ਕੰਪਨੀਆਂ ਦਾ ਵਾਰਦਾਨਾ ਬਣਾਇਆ ਹੋਇਆ ਪਾਇਆ ਗਿਆ ਅਤੇ ਵੱਖੋ-ਵੱਖਰੇ ਕੰਪਨੀਆਂ ਦੇ ਜ਼ਿੰਕ ਸਲਫੇਟ 33 ਪ੍ਰਤੀਸ਼ਤ ਦੇ ਬਣਾਏ ਹੋਏ ਪੈਕਟ ਜੋ ਕਿ ਬਰਾਂਡਿਡ ਕੰਪਨੀਆਂ ਦੇ ਨਾਮ ਤੇ ਹਨ ਬਰਾਮਦ ਕੀਤੇ ਗਏ ਅਤੇ ਉਹਨਾਂ ਦੀ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਸੈਂਪਲਿੰਗ ਕੀਤੀ ਗਈ।
ਮਨੋਜ ਕੁਮਾਰ ਮੌਕੇ ‘ਤੇ ਖੇਤੀਬਾੜੀ ਲਈ ਵਰਤੋ ਵਾਲੀਆਂ ਖਾਦਾਂ ਬਣਾਉਣ ਅਤੇ ਵੇਚਣ ਦਾ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ (ਜਗਰਾਉਂ) ਨਾਲ ਰਾਬਤਾ ਕਰਕੇ ਥਾਣਾ ਸਿਟੀ ਜਗਰਾਉਂ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ। ਪੁਲਿਸ ਟੀਮ ਵੱਲੋਂ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਖਾਦਾਂ ਅਤੇ ਵੱਖੋ-ਵੱਖਰੀਆਂ ਕੰਪਨੀਆਂ ਦਾ ਵਾਰਦਾਨਾ ਸੀਲ ਕਰਕੇ ਮੌਕੇ ਤੋਂ ਮਨੋਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੁਲਿਸ ਨੂੰ ਐਫ.ਆਈ.ਆਰ ਦਰਜ ਕਰਨ ਦੀ ਦਰਖਾਸਤ ਦੇ ਕੇ ਮਨੋਜ ਕੁਮਾਰ ਖਿਲਾਫ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐਫ.ਆਈ.ਆਰ ਦਰਜ ਕਰਵਾਈ ਗਈ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਖ਼ਤ ਨਿਰਦੇਸ਼ ਹਨ ਕਿ ਕਿਸਾਨਾਂ ਨੂੰ ਖੇਤੀ ਇਨਪੁਟ ਖਾਦ, ਦਵਾਈਆਂ ਅਤੇ ਬੀਜ ਦੀ ਨਿਰਵਿਘਨ ਸਪਲਾਈ ਜਾਰੀ ਰਹੇਗੀ ਅਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

