ਯੂਪੀ ‘ਚ ਪ੍ਰਦਰਸ਼ਨ ਦੌਰਾਨ ਦੋ ਕਾਂਗਰਸੀ ਵਰਕਰਾਂ ਦੀ ਮੌ.ਤ, ਕਾਂਗਰਸ ਨੇ ਭਾਜਪਾ ਨੂੰ ਲਿਆ ਨਿਸ਼ਾਨੇ ‘ਤੇ

Global Team
3 Min Read

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਬੁੱਧਵਾਰ ਨੂੰ ਕਾਂਗਰਸ ਵੱਲੋਂ ਆਯੋਜਿਤ ਵਿਧਾਨ ਸਭਾ ਘਿਰਾਓ ਪ੍ਰਦਰਸ਼ਨ ਦੌਰਾਨ ਨੌਜਵਾਨ ਕਾਂਗਰਸ ਵਰਕਰ ਪ੍ਰਭਾਤ ਪਾਂਡੇ ਦੀ ਮੌ.ਤ ਹੋ ਗਈ। ਕਾਂਗਰਸ ਦਾ ਦਾਅਵਾ ਹੈ ਕਿ ਗੋਰਖਪੁਰ ਤੋਂ ਆਏ ਪ੍ਰਭਾਤ ਪਾਂਡੇ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਧੱਕੇ ਅਤੇ ਤਾਕਤ ਦੀ ਵਰਤੋਂ ਕਾਰਨ ਜ਼ਖ਼ਮੀ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਅਸਾਮ ਦੇ ਗੁਹਾਟੀ ਵਿੱਚ ਵੀ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇੱਕ ਵਰਕਰ ਦੀ ਮੌ.ਤ ਹੋ ਗਈ। ਕਾਂਗਰਸ ਨੇ ਦੋਵਾਂ ਘਟਨਾਵਾਂ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ।

ਕਾਂਗਰਸ ਨੇ ਇਸ ਘਟਨਾ ਨੂੰ ‘ਪੁਲਿਸ ਦੀ ਬੇਰਹਿਮੀ’ ਕਰਾਰ ਦਿੱਤਾ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਨੇ ਪ੍ਰਭਾਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਕਾਂਗਰਸ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪ੍ਰਭਾਤ ਪਾਂਡੇ ਪਾਰਟੀ ਦਫ਼ਤਰ ਦੇ ਕਮਰੇ ਵਿੱਚ ਡਿੱਗੇ ਹੋਏ ਪਾਏ ਗਏ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਡਾਇਰੈਕਟਰ ਨੂੰ ਬਿਹਤਰ ਇਲਾਜ ਲਈ ਹਦਾਇਤਾਂ ਦਿੱਤੀਆਂ ਸਨ ਪਰ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ.ਕ ਐਲਾਨ ਦਿੱਤਾ।

ਅਸਾਮ ਦੇ ਗੁਹਾਟੀ ਵਿੱਚ ਵੀ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇੱਕ ਵਰਕਰ ਮ੍ਰਿਦੁਲ ਇਸਲਾਮ ਦੀ ਮੌ.ਤ ਹੋ ਗਈ। ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਮ੍ਰਿਦੁਲ ਦੀ ਜਾਨ ਚਲੀ ਗਈ। ਇਹ ਪ੍ਰਦਰਸ਼ਨ ਮਨੀਪੁਰ ਹਿੰਸਾ, ਅਡਾਨੀ ਗਰੁੱਪ ‘ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਸੀ। ਕਾਂਗਰਸ ਨੇ ਇਸ ਨੂੰ ਭਾਜਪਾ ਸਰਕਾਰ ਦੀ ‘ਤਾਨਾਸ਼ਾਹੀ’ ਦਾ ਪ੍ਰਤੀਕ ਦੱਸਿਆ ਹੈ। ਹਾਲਾਂਕਿ ਆਸਾਮ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੌ.ਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਭਾਜਪਾ ਸਰਕਾਰਾਂ ਦੀਆਂ ਕਾਰਵਾਈਆਂ ਨੂੰ ‘ਬ੍ਰਿਟਿਸ਼ ਰਾਜ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਅਤੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਕਾਂਗਰਸ ਨੇ ਇਨ੍ਹਾਂ ਘਟਨਾਵਾਂ ਨੂੰ ਲੋਕਤੰਤਰ ਅਤੇ ਸੰਵਿਧਾਨ ‘ਤੇ ਹਮਲਾ ਦੱਸਿਆ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਸਰਕਾਰਾਂ ਲੋਕਤੰਤਰੀ ਵਿਰੋਧੀ ਧਿਰ ਨੂੰ ਨਾ ਸਿਰਫ ਸੰਸਦ ਵਿਚ ਸਗੋਂ ਸੜਕਾਂ ‘ਤੇ ਵੀ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment