ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਹੰਗਾਮੇ ਤੋਂ ਬਾਅਦ ਭਾਵੇਂ ਹਾਲਾਤ ਆਮ ਵਾਂਗ ਹੋ ਗਏ ਹਨ ਪਰ ਜੇਲ੍ਹ ਵਿਭਾਗ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਐੱਸਡੀਐੱਮ ਗੁਰਦਾਸਪੁਰ ਨੇ ਮਾਮਲੇ ਦੀ ਮੈਜਿਸਟੇ੍ਰਟੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭੰਨਤੋੜ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਟੀਮ ਵੀ ਗਠਿਤ ਕਰ ਦਿੱਤੀ ਗਈ ਹੈ।
ਦਸਣਯੋਗ ਹੈ ਕਿ ਵੀਰਵਾਰ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ੍ਹ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਨਾਰਾਜ਼ਗੀ ਜਤਾਉਂਦੇ ਹੋਏ ਜੇਲ੍ਹ ਦੇ ਇਕ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਕੈਦੀਆਂ ਨੇ ਭੰਨਤੋੜ ਕੀਤੀ। ਕਈ ਪੁਲਿਸ ਅਧਿਕਾਰੀ ਵੀ ਜਖ਼ਮੀ ਹੋ ਗਏ। ਮਾਮਲੇ ਨੂੰ ਸੁਲਝਾਉਣ ਲਈ ਪਹੁੰਚੇ ਅਧਿਕਾਰੀਆਂ ਨੇ ਜਦੋਂ ਕੈਦੀਆਂ ਨਾਲ ਗੱਲਬਾਤ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਕੁਝ ਜੇਲ੍ਹ ਮੁਲਾਜ਼ਮਾਂ ਦੇ ਵਿਵਹਾਰ ਤੋਂ ਨਾਰਾਜ਼ ਸਨ, ਜਿਸ ਕਾਰਨ ਸਾਰਾ ਵਿਵਾਦ ਪੈਦਾ ਹੋ ਗਿਆ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਪੱਤਰ ਜਾਰੀ ਕਰ ਕੇ ਡਿਪਟੀ ਸੁਪਰਡੈਂਟ ਹਰਭਜਨ ਸਿੰਘ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੀ ਥਾਂ ’ਤੇ ਕਪੂਰਥਲਾ ਵਿਚ ਤਾਇਨਾਤ ਡਿਪਟੀ ਸੁਪਰਡੈਂਟ ਨਵਦੀਪ ਸਿੰਘ ਬੇਹਨੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।