ਪੰਜਾਬ ਤੋਂ ਬਾਅਦ ਹੁਣ ਹਰਿਆਣਾ ‘ਚ ਨੰਦੇੜ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂ ਮਿਲੇ ਕੋਰੋਨਾ ਸੰਕਰਮਿਤ, ਫਤਿਆਬਾਦ ਵਿੱਚ 4 ਸ਼ਰਧਾਲੂ ਕੋਰੋਨਾ ਪਾਜ਼ੀਟਿਵ

TeamGlobalPunjab
2 Min Read

ਨਿਊਜ਼ ਡੈਸਕ : ਪੰਜਾਬ ਤੋਂ ਬਾਅਦ ਹੁਣ ਹਰਿਆਣਾ ‘ਚ ਨੰਦੇੜ ਸਾਹਿਬ ਸਥਿਤ ਗੁਰੂਦੁਆਰਾ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਿੱਖ ਸ਼ਰਧਾਲੂਆਂ ਚੋਂ ਫਤਿਆਬਾਦ ਦੇ ਰਤੀਆ ਦੇ 4 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਕੋਰੋਨਾ ਪਾਜ਼ੀਟਿਵ ਪਾਏ ਗਏ ਚਾਰ ਸ਼ਰਧਾਲੂਆਂ ਵਿਚ ਤਿੰਨ ਔਰਤਾਂ ਅਤੇ ਇਕ ਮਰਦ ਸ਼ਾਮਲ ਹੈ।

ਇਸ ਘਟਨਾ ਤੋਂ ਬਾਅਦ ਹੁਣ ਨੰਦੇੜ ਸਾਹਿਬ ਤੋਂ ਪਰਤੇ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਹਰਿਆਣਾ ਸਰਕਾਰ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ। ਦੱਸ ਦਈਏ ਕਿ ਬੀਤੇ ਦਿਨੀਂ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲਗਭਗ 20 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ‘ਚੋਂ 4 ਦੀ ਕੋਰੋਨਾ ਰਿਪੋਰਟ ਸਾਕਾਰਾਤਮਕ ਆਈ ਹੈ। ਸੰਕਰਮਿਤ ਸ਼ਰਧਾਲੂਆਂ ‘ਚੋਂ ਤਿੰਨ ਫਤਿਆਬਾਦ ਦੇ ਰਤੀਆ ਦੇ ਵਸਨੀਕ ਦੱਸੇ ਜਾ ਰਹੇ ਹਨ ਤੇ ਇੱਕ ਸ਼ਰਧਾਲੂ ਪੰਜਾਬ ਦੇ ਬਠਿੰਡਾ ਦਾ ਵਸਨੀਕ ਦੱਸਿਆ ਜਾਂਦਾ ਹੈ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਇਆ ਸੀ ਅਤੇ ਆਪਣੇ ਰਿਸ਼ਤੇਦਾਰ ਦੇ ਘਰ ਠਹਿਰਿਆ ਸੀ।

ਫਤਿਆਬਾਦ ਦੇ ਡਿਪਟੀ ਸਿਵਲ ਸਰਜਨ ਡਾ: ਹਨੂਮਾਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾ. ਸਿੰਘ ਨੇ ਦੱਸਿਆ ਕਿ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਾਰੇ ਮਰੀਜ਼ਾਂ ਨੂੰ ਰਤੀਆ ਦੇ ਕਮਿਊਨਿਟੀ ਹਾਲ ਵਿੱਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਸ਼ਰਧਾਲੂ ਦੋ ਦਿਨ ਪਹਿਲਾਂ ਪੰਜਾਬ ਰੋਡਵੇਜ਼ ਦੀ ਬੱਸ ਦੁਆਰਾ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਸ਼ੈਲਟਰ ਹੋਮ ਵਿੱਚ ਕੁਆਰੰਟੀਨ ਕੀਤਾ ਗਿਆ ਸੀ।

ਦੱਸ ਦਈਏ ਕਿ ਹਰਿਆਣਾ ‘ਚ ਹੁਣ ਤੱਕ ਕੋਰੋਨਾ ਦੇ 360 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਗੁਆਂਢੀ ਸੂਬਾ ਪੰਜਾਬ ਵਿਚ ਨੰਦੇੜ ਤੋਂ ਵਾਪਸ ਪਰਤੇ 140 ਤੋਂ ਵੱਧ ਸ਼ਰਧਾਲੂ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਜਿਸ ਲਈ ਪੰਜਾਬ ਸਰਕਾਰ ਨੇ ਮਹਾਂਰਾਸ਼ਟਰ ਸਰਕਾਰ ਨੂੰ  ਇਸ ਸਭ ਲਈ ਦੋਸ਼ੀ ਠਹਿਰਾਇਆ ਹੈ। ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਮਹਾਂਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਬਾਰੇ ਪੰਜਾਬ ਸਰਕਾਰ ਨੂੰ ਝੂਠ ਬੋਲਿਆ ਹੈ।

Share This Article
Leave a Comment