ਸੀਜ਼ਫ਼ਾਇਰ ਤੋਂ ਬਾਅਦ ਭਾਰਤ ਵਲੋਂ ਲਗਾਤਾਰ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤੇ ਜਾ ਰਹੇ ਹਨ। ਓਪਰੇਸ਼ਨ ‘ਸਿੰਦੂਰ’ ਰਾਹੀਂ ਕਰਾਰੀ ਕਾਰਵਾਈ ਕਰਨ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲੇ ਨੇ ਵੀ ਪਾਕਿਸਤਾਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ‘ਸਿੰਧੂ ਜਲ ਸੰਧੀ ਰੱਦ ਰਹੇਗੀ। ਮਤਲਬ, ਭਾਰਤ ਨੇ ਨਾ ਸਿਰਫ਼ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ, ਹੁਣ ਉਹਨਾਂ ਨੂੰ ਪਾਣੀ ਵੀ ਨਹੀਂ ਮਿਲੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਕਿਹਾ ਕਿ CCS ਦੇ ਫੈਸਲੇ ਮੁਤਾਬਕ, ਸੰਧੀ ਤਦ ਤੱਕ ਰੱਦ ਰਹੇਗੀ ਜਦ ਤੱਕ ਪਾਕਿਸਤਾਨ ਸਰਹੱਦੀ ਅੱਤਵਾਦ ਦੇ ਹੱਕ ਵਿੱਚ ਆਪਣਾ ਸਹਿਯੋਗ ਪੂਰੀ ਤਰ੍ਹਾਂ ਅਤੇ ਅਟੱਲ ਢੰਗ ਨਾਲ ਛੱਡ ਨਹੀਂ ਦਿੰਦਾ। ਉਨ੍ਹਾਂ ਇਹ ਵੀ ਕਿਹਾ ਕਿ ਮੌਸਮੀ ਬਦਲਾਅ, ਆਬਾਦੀ ਵਿੱਚ ਵਾਧਾ ਅਤੇ ਤਕਨੀਕੀ ਬਦਲਾਅ ਨੇ ਜਮੀਨੀ ਹਕੀਕਤਾਂ ਨੂੰ ਬਦਲ ਦਿੱਤਾ ਹੈ।
ਪਾਕਿਸਤਾਨ ਵਲੋਂ ਆਏ ਬਿਆਨ ‘ਤੇ ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ ਨੇ ਉਦਯੋਗਿਕ ਪੱਧਰ ‘ਤੇ ਅੱਤਵਾਦ ਨੂੰ ਸਹਿਯੋਗ ਦਿੱਤਾ ਹੋਵੇ, ਉਸਦਾ ਇਹ ਸਮਝਣਾ ਕਿ ਉਹ ਨਤੀਜਿਆਂ ਤੋਂ ਬਚ ਜਾਵੇਗਾ, ਇਕ ਵਹਿਮ ਹੈ। ਪਾਕਿਸਤਾਨ ਜਿੰਨਾ ਜਲਦੀ ਇਹ ਗੱਲ ਸਮਝ ਲਵੇ, ਉਨਾ ਲਈ ਚੰਗਾ ਹੋਵੇਗਾ। 1971, 1975 ਅਤੇ 1999 ਕਾਰਗਿਲ ਜੰਗਾਂ ਦੀ ਤਰ੍ਹਾਂ ਫਿਰ ਜਿੱਤ ਦੇ ਝੂਠੇ ਦਾਅਵੇ ਕਰਨਾ ਉਹਨਾਂ ਦੀ ਪੁਰਾਣੀ ਆਦਤ ਹੈ।
ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ 7 ਮਈ ਨੂੰ ਓਪਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਤੱਕ ਗੋਲੀਬਾਰੀ ਰੋਕਣ ਤੇ ਸਹਿਮਤੀ ਬਣੀ, ਇਸ ਦੌਰਾਨ ਭਾਰਤੀ ਅਤੇ ਅਮਰੀਕੀ ਨੇਤਾਵਾਂ ਵਿਚਕਾਰ ਉਭਰ ਰਹੀ ਸੈਨਾ ਸਥਿਤੀ ‘ਤੇ ਗੱਲਬਾਤ ਹੋਈ। ਇਸ ਦੌਰਾਨ ਵਪਾਰ ਦਾ ਕੋਈ ਮੁੱਦਾ ਨਹੀਂ ਚੁੱਕਿਆ ਗਿਆ।
ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਸਬੰਧੀ ਹਰ ਮਸਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੀ ਦੋ-ਪੱਖੀ ਤਰੀਕੇ ਨਾਲ ਹੱਲ ਹੋਣਾ ਚਾਹੀਦਾ ਹੈ। ਇਸ ਰਾਸ਼ਟਰੀ ਨੀਤੀ ਵਿਚ ਕੋਈ ਬਦਲਾਅ ਨਹੀਂ ਹੋਇਆ। ਭਾਰਤ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਕਿਸੇ ਦੀ ਵੀ ਮਦਭੇਦਕ ਭੂਮਿਕਾ ਕਬੂਲ ਨਹੀਂ ਕਰੇਗਾ ਅਤੇ ਪਾਕਿਸਤਾਨ ਨੂੰ POK ਖਾਲੀ ਕਰਨਾ ਪਵੇਗਾ।