ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਅੱਤਵਾਦੀਆਂ ਵੱਲੋਂ ਉਪ-ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਉਪ-ਰਾਸ਼ਟਰਪਤੀ ਦਫਤਰ ਦੇ ਬੁਲਾਰੇ ਰਜਵਾਨ ਮੁਰਾਦ ਨੇ ਫੇਸਬੁੱਕ ਪੋਸਟ ‘ਚ ਲਿਖ ਕੇ ਜਾਣਕਾਰੀ ਦਿੱਤੀ, ‘ਅੱਜ ਅਫ਼ਗਾਨਿਸਤਾਨ ਦੇ ਦੁਸ਼ਮਣਾਂ ਨੇ ਇਕ ਵਾਰ ਫਿਰ ਸਾਲੇਹ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਤੇ ਉਹ ਸੁਰੱਖਿਅਤ ਹਨ। ਦੱਸ ਦਈਏ ਕਿ ਪਿਛਲੇ ਸਾਲ ਵੀ ਉਪ-ਰਾਸ਼ਟਰਪਤੀ ਦੇ ਕਾਫਲੇ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ‘ਚ 20 ਲੋਕ ਮਾਰੇ ਗਏ ਸਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਹਮਲੇ ‘ਚ ਉਪ-ਰਾਸ਼ਟਰਪਤੀ ਦੇ ਕੁਝ ਸੁਰੱਖਿਆ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਪ-ਰਾਸ਼ਟਰਪਤੀ ਦੇ ਬੇਟੇ ਨੇ ਟਵੀਟ ਕਰ ਕੇ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਕਾਫ਼ਲੇ ‘ਤੇ ਹਮਲਾ ਹੋਇਆ ਹੈ। ਉਪ-ਰਾਸ਼ਟਰਪਤੀ ਦੇ ਬੇਟੇ ਏਬਾਦ ਸਾਲੇਹ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੇ ਮੇਰੇ ਪਿਤਾ ਦੋਵੇਂ ਸੁਰੱਖਿਅਤ ਹਾਂ ਤੇ ਸਾਡੇ ਨਾਲ ਦਾ ਕੋਈ ਵੀ ਵਿਅਕਤੀ ਸ਼ਹੀਦ ਨਹੀਂ ਹੋਇਆ ਹੈ। ਸਾਰੇ ਲੋਕ ਸੁਰੱਖਿਅਤ ਹਨ।