ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਸੰਘੇੜਾ ਅਤੇ ਧਨੌਲਾ ਵਿੱਚ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਚੋਣ ਪ੍ਰਚਾਰ ਕਰਦਿਆਂ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਧਿਆਨ ਕੇਂਦਰਿਤ ਕਰਦਿਆਂ ਸਿੱਖਿਆ, ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਵਿਕਾਸ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਮਾਨ ਨੇ ਵਿਰੋਧੀ ਧਿਰ ‘ਤੇ ਇੰਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਲੁੱਟਣ ਅਤੇ ਗੁੰਮਰਾਹ ਕਰਨ ‘ਤੇ ਵੀ ਹਮਲਾ ਬੋਲਿਆ।ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਾਸੀਆਂ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਕੰਮ ਕਰਨ ਅਤੇ ਅਸਲ ਬਦਲਾਅ ਲਿਆਉਣ ਲਈ ਆਏ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਪ੍ਰਬੰਧਨ ਵਿੱਚ ਨਾਕਾਮ ਰਹਿਣ ਅਤੇ ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਨਾ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਮਾਨ ਨੇ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਦੇ ਕੁਝ ਲੋਕ ਕਹਿ ਰਹੇ ਹਨ ਕਿ ਸਾਡਾ ਧੂੰਆਂ ਉਨ੍ਹਾਂ ਦੀ ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਫਿਰ ਕੁਝ ਕਹਿ ਰਹੇ ਹਨ ਕਿ ਇਹ ਧੂੰਆਂ ਦਿੱਲੀ ਜਾ ਰਿਹਾ ਹੈ। ਇਹ ਸੱਚ ਨਹੀਂ ਹੈ ਕਿ ਸਾਰਾ ਧੂੰਆਂ ਸਾਡੇ ਪਾਸਿਓਂ ਆ ਰਿਹਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹਵਾ ਪ੍ਰਦੂਸ਼ਣ ਸਰਹੱਦਾਂ ਨੂੰ ਨਹੀਂ ਜਾਣਦਾ। ਦੂਜੇ ਰਾਜ ਵੀ ਝੋਨੇ ਦੀ ਖੇਤੀ ਕਰਦੇ ਹਨ। ਅਸੀਂ ਵੀ ਇਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ, ਅਤੇ ਜਦੋਂ ਅਸੀਂ ਇਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਤਾਂ ਕੇਂਦਰ ਸਰਕਾਰ ਸਾਡੀ ਮਦਦ ਨਹੀਂ ਕਰ ਰਹੀ ਹੈ।
ਉਨ੍ਹਾਂ ਨੇ ਵਾਤਾਵਰਣ ਦੇ ਨਕਾਰਾਤਮਿਕ ਪ੍ਰਭਾਵ ਨੂੰ ਘਟਾਉਣ ਲਈ ਫ਼ਸਲੀ ਵਿਭਿੰਨਤਾ ਦੀ ਲੋੜ ਨੂੰ ਵੀ ਉਜਾਗਰ ਕੀਤਾ ਅਤੇ ਕੇਂਦਰ ਸਰਕਾਰ ਦੀ ਉਦਾਸੀਨਤਾ ਲਈ ਨਿਖੇਧੀ ਕੀਤੀ। ਮਾਨ ਨੇ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਨੂੰ ਫ਼ਸਲਾਂ ਦੀ ਵਿਭਿੰਨਤਾ ਕਰਨ ਅਤੇ ਪਰਾਲੀ ਸਾੜਨ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰ ਰਹੇ ਹਾਂ, ਪਰ ਕੇਂਦਰ ਸਰਕਾਰ ਇਹਨਾਂ ਯਤਨਾਂ ਲਈ ਪ੍ਰੇਰਨਾ ਜਾਂ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਜੇ ਉਹ ਸੱਚਮੁੱਚ ਪੰਜਾਬ ਅਤੇ ਵਾਤਾਵਰਣ ਦੀ ਪ੍ਰਵਾਹ ਕਰਦੇ ਹਨ, ਤਾਂ ਉਹ ਸਾਡੇ ਕਿਸਾਨਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਅਤੇ ਸਾਰਥਿਕ ਤਰੀਕੇ ਨਾਲ ਪ੍ਰਦੂਸ਼ਣ ਨਾਲ ਨਜਿੱਠਣ ਵਿੱਚ ਸਾਡੀ ਮਦਦ ਕਰਨ।ਰੈਲੀਆਂ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ,ਵਿਧਾਇਕ ‘ਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਪਾਰਟੀ ਅਹੁਦੇਦਾਰ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਤੋਂ ਸ਼ੁਰੂ ਕਰਦੇ ਹੋਏ ਵੱਖ-ਵੱਖ ਮੁੱਦਿਆਂ ਨੂੰ ਸੰਬੋਧਨ ਕੀਤਾ। ਮਾਨ ਨੇ ਕਿਹਾ ਸਾਡੇ ਸਕੂਲਾਂ ਦੇ ਨਤੀਜੇ ਵਿੱਚ ਸੁਧਾਰ ਹੋ ਰਿਹਾ ਹੈ, ਅਤੇ ਸਾਡੇ ਬੱਚੇ ਹੁਣ ਇਮਤਿਹਾਨਾਂ ਵਿੱਚ ਟਾੱਪ ਕਰ ਰਹੇ ਹਨ। ਅਸੀਂ ਨਾ ਸਿਰਫ਼ ਬੁਨਿਆਦੀ ਢਾਂਚੇ ‘ਤੇ ਕੰਮ ਕੀਤਾ ਹੈ, ਸਗੋਂ ਅਧਿਆਪਕਾਂ ਨੂੰ ਸਿਖਲਾਈ ਦੇਣ ‘ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਅਧਿਆਪਕ ਭਾਈਚਾਰਾ ਬਦਲ ਗਿਆ ਹੈ, ਅਧਿਆਪਕ ਹੁਣ ਪ੍ਰਬੰਧਕੀ ਕੰਮਾਂ ਵਿੱਚ ਫਸਣ ਦੀ ਬਜਾਏ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾ ਰਹੇ ਹਨ।ਸਿਹਤ ਸੰਭਾਲ ਬਾਰੇ ਬੋਲਦਿਆਂ ਸੀਐਮ ਮਾਨ ਨੇ ਮੁਹੱਲਾ ਕਲੀਨਿਕਾਂ ਦੀ ਸਿਰਜਣਾ ਰਾਹੀਂ ਮਿਆਰੀ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੁਆਰਾ ਤਜਵੀਜ਼ ਕੀਤੀਆਂ ਦਵਾਈਆਂ ਬਿਨਾਂ ਕਿਸੇ ਵਾਧੂ ਕੀਮਤ ਦੇ, ਹਸਪਤਾਲਾਂ ਵਿੱਚ ਹੀ ਉਪਲਬਧ ਹੋਣ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਅਸੀਂ ਡਾਕਟਰਾਂ ਨੂੰ ਬਾਹਰੋਂ ਲੋੜੀਂਦੀ ਦਵਾਈ ਨਹੀਂ ਲਿਖਣ ਦੇ ਹੁਕਮ ਦਿੱਤੇ ਹਨ।
ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ 90% ਘਰਾਂ ਨੂੰ ਜ਼ੀਰੋ ਬਿਜਲੀ ਦੇ ਬਿੱਲ ਮਿਲ ਰਹੇ ਹਨ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ, ਖਾਸ ਕਰਕੇ ਖੇਤੀ ਲਈ ਸਮੇਂ ਸਿਰ ਬਿਜਲੀ ਦੀ ਸਪਲਾਈ ਦੇਣਾ।ਸੀਐਮ ਮਾਨ ਨੇ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਅਤੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਪਾਰਟੀਆਂ ਸਿਰਫ ਆਪਸ ਵਿੱਚ ਲੜਨ ਵਿੱਚ ਦਿਲਚਸਪੀ ਰੱਖਦੀਆਂ ਹਨ। ਉਹ ਆਪਸ ਵਿੱਚ ਲੜਦੇ ਹਨ, ਪਰ ਉਹ ਕਦੇ ਵੀ ਉਹ ਕੰਮ ਨਹੀਂ ਕਰ ਸਕਦੇ ਜੋ ਅਸੀਂ ਪੰਜਾਬ ਲਈ ਕਰ ਰਹੇ ਹਾਂ।”
ਮਾਨ ਨੇ ਆਪਣੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਦੱਸਿਆ, ਉਨ੍ਹਾਂ ਨੇ 45,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਬਾਰੇ ਦੱਸਿਆ ਅਤੇ ਭਰੋਸਾ ਦਿੱਤਾ ਕਿ ਪੁਲਿਸ ਵਿਭਾਗ ਵਿੱਚ ਜਲਦੀ ਹੀ ਹੋਰ ਨੌਕਰੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਸੜਕ ਹਾਦਸਿਆਂ ਵਿੱਚ 45% ਦੀ ਕਮੀ ਦੇ ਨਾਲ-ਨਾਲ ਕੁਸ਼ਲਤਾ ਅਤੇ ਜਵਾਬ ਦੇ ਸਮੇਂ ਵਿੱਚ ਸੁਧਾਰ ਕਰਨ ਲਈ ਪੁਲਿਸ ਵਿਭਾਗ ਲਈ ਨਵੀਂ ਫੋਰਸ ਐਸਐਸਐਫ ਅਤੇ ਨਵੇਂ ਵਾਹਨਾਂ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ।
ਸੀਐਮ ਭਗਵੰਤ ਮਾਨ ਨੇ ਸਾਡੇ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਹ ਸਾਨੂੰ ਪ੍ਰੇਰਿਤ ਕਰਦੇ ਹਨ। “ਕਰਤਾਰ ਸਿੰਘ ਸਰਾਭਾ ਨੇ ਸਿਰਫ 19 ਸਾਲ ਦੀ ਉਮਰ ਵਿੱਚ ਸਾਡੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਅਸੀਂ ਵੀ ਪੰਜਾਬ ਦੇ ਭਵਿੱਖ ਲਈ ਲੜ ਰਹੇ ਹਾਂ। ਅਸੀਂ ਸਾਫ਼਼ ਹਵਾ, ਇੱਕ ਸਿਹਤਮੰਦ ਵਾਤਾਵਰਣ ਅਤੇ ਸਾਡੇ ਬੱਚਿਆਂ ਲਈ ਇੱਕ ਬਿਹਤਰ ਭਵਿੱਖ ਲਈ ਲੜ ਰਹੇ ਹਾਂ। ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕਰਤਾਰ ਸਿੰਘ ਸਰਾਭਾ ਵਰਗੇ ਆਜ਼ਾਦੀ ਘੁਲਾਟੀਆਂ ਨੇ ਆਪਣੀ ਜਾਨ ਇਸ ਲਈ ਕੁਰਬਾਨ ਨਹੀਂ ਕੀਤੀ ਤਾਂ ਕਿ ਕੇਵਲ ਢਿੱਲੋਂ ਵਰਗੇ ਲੋਕ ਸਾਨੂੰ ਲੁੱਟ ਸਕਣ।