ਨਵੀਂ ਦਿੱਲੀ : ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਦੇ ਸੀਈਓ ਅਦਾਰ ਪੂਨਾਵਾਲਾ ਨੇ ਦੇਸ਼ ਵਿਚ ਟੀਕੇ ਦੀ ਉਪਲਬਧਤਾ ਅਤੇ ਇਸ ਦੇ ਉਤਪਾਦਨ ਵਿਚ ਵਾਧਾ ਕਰਨ ਸੰਬੰਧੀ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਪਹਿਲਾਂ ਦੇ ਬਿਆਨ ਸਬੰਧੀ ਟਵਿਟਰ ‘ਤੇ ਲਿਖਿਆ,”ਮੈਂ ਕੁਝ ਚੀਜ਼ਾਂ ਨੂੰ ਸਪਸ਼ਟ ਕਰਨਾ ਚਾਹਾਂਗਾ ਕਿਉਂਕਿ ਮੇਰੀਆਂ ਟਿਪਣੀਆਂ ਨੂੰ ਗਲਤ ਢੰਗ ਨਾਲ ਲਿਆ ਗਿਆ ਹੈ।
ਸਭ ਤੋਂ ਪਹਿਲਾਂ ਟੀਕਾ ਨਿਰਮਾਣ ਇਕ ਵਿਸ਼ੇਸ਼ ਪ੍ਰਕਿਰਿਆ ਹੈ। ਇਸ ਲਈ ਰਾਤੋ ਰਾਤ ਉਤਪਾਦਨ ਨੂੰ ਵਧਾਉਣਾ ਸੰਭਵ ਨਹੀਂ ਹੈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਭਾਰਤ ਦੀ ਆਬਾਦੀ ਬਹੁਤ ਵੱਧ ਹੈ। ਅਜਿਹੀ ਹਾਲਤ ਵਿਚ ਸਭ ਬਾਲਗਾਂ ਲਈ ਲੋੜੀਂਦਾ ਟੀਕਾ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ। ਇੱਥੋਂ ਤਕ ਕਿ ਵਿਕਸਤ ਦੇਸ਼ ਤੇ ਕੰਪਨੀਆਂ ਵੀ ਉਤਪਾਦਨ ਵਧਾਉਣ ਲਈ ਪਰੇਸ਼ਾਨ ਹਨ। ਹਾਲਾਂਕਿ ਉਨ੍ਹਾਂ ਦੇਸ਼ਾਂ ਦੀ ਆਬਾਦੀ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈ।
ਪੂਨਾਵਾਲਾ ਨੇ ਕਿਹਾ ਕਿ ਦੂਜਾ ਅਸੀਂ ਪਿਛਲੇ ਸਾਲ ਅਪ੍ਰੈਲ ਤੋਂ ਭਾਰਤ ਸਰਕਾਰ ਨਾਲ ਨੇੜਿਓਂ ਕੰਮ ਕਰ ਰਹੇ ਹਾਂ। ਸਾਨੂੰ ਹਰ ਕਿਸਮ ਦਾ ਸਮਰਥਨ ਮਿਲਿਆ ਹੈ, ਭਾਵੇਂ ਇਹ ਵਿਗਿਆਨਕ, ਨਿਯਮਕ ਅਤੇ ਵਿੱਤੀ ਹੋਵੇ। ਇਸ ਸਮੇਂ ਦੀ ਸਥਿਤੀ ਮੁਤਾਬਕ ਸਾਨੂੰ ਖੁਰਾਕ ਦੇ 26 ਕਰੋੜ ਆਰਡਰ ਮਿਲੇ ਹਨ। ਇਸ ਵਿਚੋਂ ਅਸੀਂ 15 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕਰ ਚੁੱਕੇ ਹਾਂ। ਸਾਨੂੰ ਭਾਰਤ ਸਰਕਾਰ ਤੋਂ ਅਗਲੇ ਕੁਝ ਮਹੀਨਿਆਂ ਵਿਚ 11 ਕਰੋੜ ਖੁਰਾਕਾਂ ਲਈ 100 ਫੀਸਦੀ ਭੁਗਤਾਨ ਭਾਵ 1725.5 ਕਰੋੜ ਰੁਪਏ ਪਹਿਲਾਂ ਹੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅਗਲੇ ਕੁਝ ਮਹੀਨਿਆਂ ਵਿਚ 11 ਕਰੋੜ ਖੁਰਾਕਾਂ ਸੂਬਿਆਂ ਤੇ ਨਿੱਜੀ ਹਸਪਤਾਲਾਂ ਲਈ ਸਪਲਾਈ ਕੀਤੀਆਂ ਜਾਣਗੀਆਂ।
ਅੰਤ ਵਿੱਚ, ਅਸੀਂ ਸਮਝਦੇ ਹਾਂ ਕਿ ਹਰ ਕੋਈ ਚਾਹੁੰਦਾ ਹੈ ਕਿ ਟੀਕਾ ਜਲਦੀ ਤੋਂ ਜਲਦੀ ਉਪਲਬਧ ਹੋਵੇ। ਇਹ ਸਾਡੀ ਕੋਸ਼ਿਸ਼ ਵੀ ਹੈ ਅਤੇ ਅਸੀਂ ਇਸ ਨੂੰ ਪ੍ਰਾਪਤ ਕਰਨ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹੋਰ ਔਖੀ ਮਿਹਨਤ ਕਰਾਂਗੇ ਅਤੇ ਭਾਰਤ ਨੂੰ ਹੋਰ ਮਜ਼ਬੂਤ ਬਣਾਵਾਂਗੇ।