ਮੁੰਬਈ: ਮਸ਼ਹੂਰ ਅਦਾਕਾਰ ਕਮਾਲ ਆਰ ਖਾਨ (ਕੇ ਆਰ ਕੇ) ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇੱਕ ਰਿਹਾਇਸ਼ੀ ਇਮਾਰਤ ‘ਤੇ ਹੋਈ ਗੋਲੀਬਾਰੀ ਦੇ ਸੰਬੰਧ ਵਿੱਚ ਅਦਾਕਾਰ ਦਾ ਨਾਮ ਸਾਹਮਣੇ ਆਇਆ ਹੈ। ਕਮਾਲ ਦੀਆਂ ਮੁਸ਼ਕਲਾਂ ਵਧਦੀਆਂ ਜਾਪ ਰਹੀਆਂ ਹਨ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਓਸ਼ੀਵਾਰਾ ਗੋਲੀਬਾਰੀ ਮਾਮਲੇ ਵਿੱਚ ਕੇਆਰਕੇ ਨੇ ਪੁਲਿਸ ਹਿਰਾਸਤ ਵਿੱਚ ਰਹਿੰਦਿਆਂ ਆਪਣਾ ਜੁਰਮ ਕਬੂਲ ਕੀਤਾ। ਮੁੰਬਈ ਪੁਲਿਸ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ। ਕੇਆਰਕੇ ਨੇ ਮੰਨਿਆ ਕਿ ਉਸਨੇ ਆਪਣੀ ਲਾਇਸੈਂਸੀ ਬੰਦੂਕ ਤੋਂ ਗੋਲੀ ਚਲਾਈ ਸੀ। ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਬੰਦੂਕ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸਨੇ ਇਸਦੀ ਜਾਂਚ ਕਰਨ ਲਈ ਆਪਣੇ ਘਰ ਦੇ ਸਾਹਮਣੇ ਜੰਗਲੀ ਖੇਤਰ ਵਿੱਚ ਗੋਲੀਬਾਰੀ ਕੀਤੀ। ਉਸਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕੇਆਰਕੇ ਦੀ ਬੰਦੂਕ ਵੀ ਜ਼ਬਤ ਕਰ ਲਈ ਹੈ। ਰਿਪੋਰਟਾਂ ਅਨੁਸਾਰ ਗੋਲੀਬਾਰੀ ਦੀ ਘਟਨਾ 18 ਜਨਵਰੀ ਨੂੰ ਓਸ਼ੀਵਾਰਾ ਖੇਤਰ ਵਿੱਚ ਸਥਿਤ ਇੱਕ ਇਮਾਰਤ ਵਿੱਚ ਹੋਈ ਸੀ। ਇੱਕ ਰਿਹਾਇਸ਼ੀ ਇਮਾਰਤ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਨੂੰ ਨਾਲੰਦਾ ਸੋਸਾਇਟੀ ਤੋਂ ਦੋ ਗੋਲੀਆਂ ਬਰਾਮਦ ਹੋਈਆਂ। ਇੱਕ ਦੂਜੀ ਮੰਜ਼ਿਲ ਤੋਂ ਅਤੇ ਇਕ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਬਰਾਮਦ ਹੋਈ। ਇਨ੍ਹਾਂ ਵਿੱਚੋਂ ਇੱਕ ਘਰ ਇੱਕ ਲੇਖਕ-ਨਿਰਦੇਸ਼ਕ ਦਾ ਹੈ ਅਤੇ ਦੂਜਾ ਇੱਕ ਮਾਡਲ ਦਾ ਹੈ। ਓਸ਼ੀਵਾਰਾ ਖੇਤਰ ਵਿੱਚ ਡਾਇਰੈਕਟਰ ਅਤੇ ਮਾਡਲ ਦੇ ਘਰ ‘ਤੇ ਹੋਈ ਗੋਲੀਬਾਰੀ ਨੇ ਸਨਸਨੀ ਮਚਾ ਦਿੱਤੀ ਇਸ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਓਸ਼ੀਵਾਰਾ ਪੁਲਿਸ ਦੇ ਅਨੁਸਾਰ ਕੇਆਰਕੇ ਨੂੰ ਸ਼ੁੱਕਰਵਾਰ ਦੇਰ ਸ਼ਾਮ ਓਸ਼ੀਵਾਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ ਗਈ। ਓਸ਼ੀਵਾਰਾ ਪੁਲਿਸ ਸਟੇਸ਼ਨ ਦੀ 18 ਮੈਂਬਰੀ ਟੀਮ, ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਦੇ ਨਾਲ, ਜਾਂਚ ਵਿੱਚ ਸ਼ਾਮਲ ਸੀ। ਸ਼ੁਰੂਆਤੀ ਜਾਂਚ ਵਿੱਚ ਸੀਸੀਟੀਵੀ ਫੁਟੇਜ ਤੋਂ ਕੋਈ ਠੋਸ ਸੁਰਾਗ ਨਹੀਂ ਮਿਲਿਆ। ਇਸਤੋਂ ਬਾਅਦ ਇੱਕ ਫੋਰੈਂਸਿਕ ਟੀਮ ਦੀ ਮਦਦ ਨਾਲ ਪੁਲਿਸ ਨੇ ਇਹ ਸਿੱਟਾ ਕੱਢਿਆ ਕਿ ਗੋਲੀਆਂ ਕਮਾਲ ਆਰ. ਖਾਨ ਦੇ ਬੰਗਲੇ ਦੀ ਦਿਸ਼ਾ ਤੋਂ ਚਲਾਈਆਂ ਗਈਆਂ ਹੋ ਸਕਦੀਆਂ ਹਨ।
ਨਾਲ ਹੀ ਕੇਆਰਕੇ ਨੇ ਪੁਲਿਸ ਪੁੱਛਗਿੱਛ ਦੌਰਾਨ ਸਪੱਸ਼ਟ ਕੀਤਾ ਕਿ ਉਸਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਉਸਨੇ ਕਿਹਾ ਕਿ ਉਸਦੇ ਘਰ ਦੇ ਸਾਹਮਣੇ ਇੱਕ ਵੱਡਾ ਮੈਂਗ੍ਰੋਵ ਜੰਗਲ ਹੈ। ਬੰਦੂਕ ਸਾਫ਼ ਕਰਨ ਤੋਂ ਬਾਅਦ, ਉਸਨੇ ਇਸਦੀ ਜਾਂਚ ਕਰਨ ਲਈ ਗੋਲੀ ਚਲਾਈ ਸੀ। ਉਸਨੂੰ ਲੱਗਿਆ ਕਿ ਗੋਲੀ ਮੈਂਗ੍ਰੋਵ ਜੰਗਲ ਵਿੱਚ ਗੁੰਮ ਹੋ ਜਾਵੇਗੀ, ਪਰ ਜਦੋਂ ਉਸਨੇ ਗੋਲੀ ਚਲਾਈ ਤਾਂ ਹਵਾ ਚੱਲੀ, ਜਿਸ ਤੋਂ ਬਾਅਦ ਗੋਲੀ ਓਸ਼ੀਵਾਰਾ ਦੀ ਇੱਕ ਇਮਾਰਤ ਵਿੱਚ ਜਾ ਵੱਜੀ।
ਦੱਸ ਦਈਏ ਕਿ ਕੇਆਰਕੇ ਫਿਲਮ “ਦੇਸ਼ਦਰੋਹੀ” ਵਿੱਚ ਨਜ਼ਰ ਆ ਚੁੱਕੇ। ਉਸਨੇ ਇੱਕ ਨਿਰਮਾਤਾ ਵਜੋਂ ਵੀ ਕੰਮ ਕੀਤਾ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਵਿਵਾਦਪੂਰਨ ਪੋਸਟਾਂ ਲਈ ਸੁਰਖੀਆਂ ਵਿੱਚ ਬਣੇ ਹੋਏ ਹਨ।

