ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਸਖਤ ਐਕਸ਼ਨ ਲੈਂਦੇ ਹੋਏ ਲੁਧਿਆਣਾ ‘ਚ ਸਿਹਤ ਵਿਭਾਗ ਨੇ ਪਕੌੜਿਆਂ ਵਾਲੇ ਦੇ ਤੇਲ ਦੇ ਸੈਂਪਲ ਭਰੇ ਹਨ, ਜਿਸ ਵਿਚ ਉਹ ਗਰਮ ਤੇਲ ‘ਚ ਰਿਫਾਇੰਡ ਦੇ ਪੈਕੇਟ ਡੁਬਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇੱਥੇ ਰਿਫਾਇੰਡ ਤੇਲ ਨਾਲ ਭਰੇ ਪੈਕੇਟਾਂ ਨੂੰ ਪਾੜਨ ਲਈ ਦੁਕਾਨਦਾਰ ਨੇ ਉਨ੍ਹਾਂ ਨੂੰ ਸਿੱਧਾ ਉਬਲਦੇ ਰਿਫਾਇੰਡ ਤੇਲ ਨਾਲ ਭਰੇ ਪੈਨ ਵਿੱਚ ਪਾ ਦਿੱਤਾ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ।
ਡਾਕਟਰਾਂ ਅਨੁਸਾਰ ਇਸ ਤਰ੍ਹਾਂ ਪਲਾਸਟਿਕ ਨੂੰ ਗਰਮ ਕਰਨ ’ਤੇ ਇਸ ’ਚੋਂ ਬੀਪੀਏ ਅਤੇ ਡਾਈਆਕਸਿਨ ਵਰਗੇ ਜ਼ਹਿਰੀਲੇ ਰਸਾਇਣ ਨਿਕਲਦੇ ਹਨ। ਜੋ ਕੈਂਸਰ, ਹਾਰਮੋਨਲ ਅਸੰਤੁਲਨ ਅਤੇ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਵਰਗੇ ਗੰਭੀਰ ਖਤਰੇ ਪੈਦਾ ਕਰਦੇ ਹਨ। ਮਾਹਿਰਾਂ ਦੇ ਅਨੁਸਾਰ ਅਜਿਹੇ ਪ੍ਰਯੋਗ ਨਾ ਸਿਰਫ਼ ਭੋਜਨ ਨੂੰ ਜ਼ਹਿਰੀਲਾ ਬਣਾਉਂਦੇ ਹਨ, ਸਗੋਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ।
ਇੱਕ ਫੂਡ ਬਲਾਗਰ ਵੱਲੋਂ ਲੁਧਿਆਣਾ ਦੇ ਗਿਲ ਚੌਂਕ ਵਿਚ ਸਥਿਤ ਪਕੌੜਿਆਂ ਵਾਲੀ ਦੁਕਾਨ ਦੀ ਬਣਾਈ ਗਈ ਵੀਡੀਓ ਵਿਚ ਪਕੌੜਿਆਂ ਵਾਲਾ ਜਸਪਾਲ ਖੌਲਦੇ ਹੋਏ ਤੇਲ ਵਿਚ 5 ਰਿਫਾਇੰਡ ਦੇ ਭਰੇ ਸੀਲ ਪੈਕੇਟ ਚੁੱਕਦਾ ਹੈ ਤੇ ਸਿੱਧੇ ਕੜਾਹੀ ਵਿਚ ਪਾ ਦਿੰਦਾ ਹੈ। ਇੱਕ ਸਕਿੰਟ ਦੇ ਅੰਦਰ ਉਹ ਪੰਜੇ ਪੈਕੇਟ ਕੱਢ ਲੈਂਦਾ ਹੈ, ਉਦੋਂ ਤੱਕ ਸਾਰੇ ਪੈਕੇਟ ਖੁੱਲ੍ਹ ਜਾਂਦੇ ਹਨ ਅਤੇ ਸਾਰਾ ਰਿਫਾਇੰਡ ਤੇਲ ਕੜਾਹੀ ਵਿੱਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਬਲੌਗਰ ਇਹ ਵੀ ਕਹਿੰਦਾ ਹੈ ਕਿ ਉਹ ਪਲਾਸਟਿਕ ਨੂੰ ਤੇਲ ਵਿੱਚ ਹੀ ਪਿਘਲਾ ਦਿੰਦੇ ਹਨ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਬਾਅਦ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕੁਝ ਵਿਅਕਤੀਆਂ ਵੱਲੋਂ ਇਸਨੂੰ ਕੈਂਸਰ ਫੈਲਾਉਣ ਵਾਲਾ ਸਟੰਟ ਕਿਹਾ ਜਾ ਰਿਹਾ ਹੈ, ਜਦੋਂਕਿ ਕੁਝ ਇਸ ਨੂੰ ਪਕੌੜਾ ਨਹੀਂ ਬਲਕਿ ਕੈਂਸਰ ਬੰਬ ਆਖ ਰਹੇ ਹਨ। ਲੋਕ ਸਿਹਤ ਵਿਭਾਗ ’ਤੇ ਲਾਪਰਵਾਹੀ ਦਾ ਦੋਸ਼ ਵੀ ਲਗਾ ਰਹੇ ਹਨ। ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਦੁਕਾਨਦਾਰ ਨੇ ਕਿਹਾ ਕਿ ਉਸਨੇ ਇਹ ਸਭ ਇੱਕ ਫੂਡ ਬਲੌਗਰ ਦੀ ਸਲਾਹ ’ਤੇ ਕੀਤਾ ਹੈ।