ਨਿਊਜ਼ ਡੈਸਕ: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਰਾਜ ਚੋਣ ਕਮਿਸ਼ਨ ਨੇ 115 ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਸਾਰੇ ਉਮੀਦਵਾਰ ਅਗਲੇ ਪੰਜ ਸਾਲਾਂ ਤੱਕ ਕੋਈ ਚੋਣ ਨਹੀਂ ਲੜ ਸਕਣਗੇ।
ਇਹ ਕਦਮ ਉਨ੍ਹਾਂ ਉਮੀਦਵਾਰਾਂ ਖਿਲਾਫ ਚੁੱਕਿਆ ਗਿਆ ਹੈ, ਜਿਨ੍ਹਾਂ ਨੇ ਸਮੇਂ ‘ਤੇ ਚੋਣ ਖਰਚੇ ਦੇ ਜ਼ਰੂਰੀ ਵੇਰਵੇ ਜਮ੍ਹਾ ਨਹੀਂ ਕਰਵਾਏ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਪਾਰਦਰਸ਼ਤਾ ਬਣਾਈ ਰੱਖਣ ਲਈ ਖਰਚੇ ਦਾ ਪੂਰਾ ਵੇਰਵਾ ਦੇਣਾ ਲਾਜ਼ਮੀ ਹੈ ਅਤੇ ਇਸ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਹੋਰ ਜਵਾਬਦੇਹ ਅਤੇ ਨਿਰਪੱਖ ਬਣਾਉਣਾ ਹੈ।
ਨਿਯਮਾਂ ਅਨੁਸਾਰ ਚੋਣ ਨਤੀਜਿਆਂ ਦੇ ਐਲਾਨ ਤੋਂ 30 ਦਿਨਾਂ ਦੇ ਅੰਦਰ-ਅੰਦਰ ਹਰੇਕ ਉਮੀਦਵਾਰ ਲਈ ਆਪਣੇ ਚੋਣ ਖਰਚੇ ਦਾ ਪੂਰਾ ਵੇਰਵਾ ਦੇਣਾ ਲਾਜ਼ਮੀ ਹੈ। ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਹ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਉਮੀਦਵਾਰ ਨੂੰ ਆਉਣ ਵਾਲੀਆਂ ਚੋਣਾਂ ਲਈ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ। ਇਸੇ ਲੜੀ ਤਹਿਤ ਰਾਜ ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਅਯੋਗ ਉਮੀਦਵਾਰਾਂ ਦੀ ਸੂਚੀ ਨੂੰ ਅਪਡੇਟ ਕੀਤਾ ਹੈ ਅਤੇ 115 ਉਮੀਦਵਾਰਾਂ ਨੂੰ ਪੰਜ ਸਾਲਾਂ ਲਈ ਚੋਣ ਲੜਨ ਤੋਂ ਰੋਕ ਦਿੱਤਾ ਹੈ।
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਾਰ ਵੀ ਨਿਯਮਾਂ ਦੀ ਪਾਲਣਾ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਚੋਣ ਖਰਚੇ ਦਾ ਸਹੀ ਰਜਿਸਟਰ ਬਣਾ ਕੇ ਰੱਖਣ ਅਤੇ ਹਰ ਵੇਰਵੇ ਨੂੰ ਰਿਕਾਰਡ ਕਰਨ। ਲੋੜ ਪੈਣ ‘ਤੇ ਉਹ ਇਸ ਸਬੰਧੀ ਸੁਪਰਵਾਈਜ਼ਰਾਂ ਤੋਂ ਵੀ ਸੇਧ ਲੈ ਸਕਦੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਬਚਿਆ ਜਾ ਸਕੇ।
ਕਮਿਸ਼ਨ ਸਮੇਂ-ਸਮੇਂ ‘ਤੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ ਤੈਅ ਕਰਦਾ ਰਿਹਾ ਹੈ। ਉਮੀਦਵਾਰ ਚੋਣ ਪ੍ਰਚਾਰ ਦੌਰਾਨ ਨਿਰਧਾਰਿਤ ਸੀਮਾ ਤੋਂ ਵੱਧ ਖਰਚ ਨਹੀਂ ਕਰ ਸਕਦੇ। ਨਗਰ ਨਿਗਮ ਦੇ ਮੇਅਰ ਲਈ ਉਮੀਦਵਾਰ ਵੱਧ ਤੋਂ ਵੱਧ 30 ਲੱਖ ਰੁਪਏ ਖਰਚ ਕਰ ਸਕਦੇ ਹਨ। ਨਿਗਮ ਵਿੱਚ ਕੌਂਸਲਰ ਲਈ ਉਮੀਦਵਾਰ 7.5 ਲੱਖ ਰੁਪਏ ਖਰਚ ਕਰ ਸਕਦੇ ਹਨ। ਜਦਕਿ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਲਈ ਖਰਚੇ ਦੀ ਹੱਦ 20 ਲੱਖ ਰੁਪਏ ਅਤੇ ਨਗਰ ਕੌਂਸਲ ਮੈਂਬਰ ਲਈ ਖਰਚ ਦੀ ਹੱਦ 4 ਲੱਖ ਰੁਪਏ ਰੱਖੀ ਗਈ ਹੈ।
ਪੰਚਾਇਤੀ ਰਾਜ ਵਿੱਚ ਸਰਪੰਚ ਲਈ ਇਹ ਸੀਮਾ 2 ਲੱਖ ਰੁਪਏ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਈ 6 ਲੱਖ ਰੁਪਏ ਰੱਖੀ ਗਈ ਹੈ। ਜੇਕਰ ਉਮੀਦਵਾਰ ਚੋਣ ਨਤੀਜਿਆਂ ਤੋਂ 30 ਦਿਨਾਂ ਦੇ ਅੰਦਰ-ਅੰਦਰ ਖਰਚੇ ਦੇ ਵੇਰਵੇ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵੀ ਜੇਕਰ ਖਰਚੇ ਦਾ ਵੇਰਵਾ ਨਹੀਂ ਦਿੱਤਾ ਜਾਂਦਾ ਤਾਂ ਜ਼ਿਲ੍ਹਾ ਅਧਿਕਾਰੀ ਉਸ ਨੂੰ ਅਯੋਗ ਕਰਾਰ ਦੇ ਦਿੰਦੇ ਹਨ ਅਤੇ ਸੂਚਨਾ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

