ਕੈਨੇਡਾ ਭਾਰਤ ਸਮਝੌਤੇ ਤਹਿਤ ਸ੍ਰੀ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬਣਦਾ ਹਿੱਸਾ ਦਿੱਤਾ ਜਾਵੇ- ਭਾਈ ਗਰੇਵਾਲ

Global Team
2 Min Read

ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਨਜ਼ਰਅੰਦਾਜ਼ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਗੁਰੂ ਨਗਰੀ ਪ੍ਰਤੀ ਪੱਖਪਾਤੀ ਰਵੱਈਆ ਹੈ, ਜਿਸ ਕਾਰਨ ਦੇਸ਼ ਵਿਦੇਸ਼ ਦੇ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਤਹਿਤ ਭਾਰਤ ਦੇ ਕਈ ਸ਼ਹਿਰਾਂ ਤੋਂ ਉਡਾਣਾਂ ਲਈ ਹਵਾਈ ਅੱਡਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਸ੍ਰੀ ਅੰਮ੍ਰਿਤਸਰ ਨੂੰ ਅੱਖੋਂ ਪਰੋਖੇ ਕਰਕੇ ਪੰਜਾਬੀਆਂ ਅਤੇ ਖ਼ਾਸਕਰ ਸਿੱਖਾਂ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸੇ ਸਾਲ ਹੋਏ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅੰਮ੍ਰਿਤਸਰ ਤੋਂ ਸਿੱਧੀਆਂ ਹਵਾਈ ਉਡਾਣਾਂ ਲਈ ਵਿਸ਼ੇਸ਼ ਮਤਾ ਪਾਸ ਕਰਕੇ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਨੂੰ ਭੇਜਿਆ ਗਿਆ ਸੀ, ਪਰ ਫਿਰ ਵੀ ਸਰਕਾਰ ਨੇ ਜਾਣਬੁਝ ਕੇ ਪੰਜਾਬ ਨੂੰ ਹਵਾਈ ਉਡਾਣਾਂ ਦਾ ਬਣਦਾ ਹਿੱਸਾ ਨਹੀਂ ਦਿੱਤਾ। ਇਹ ਪੰਜਾਬੀਆਂ ਨਾਲ ਨਾਇਨਸਾਫੀ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਵੱਡੀ ਗਿਣਤੀ ਸਿੱਖ ਵੱਸੇ ਹੋਏ ਹਨ ਅਤੇ ਕੈਨੇਡਾ ਅੰਦਰ ਵੀ ਪੰਜਾਬੀਆਂ ਤੇ ਸਿੱਖਾਂ ਦੀ ਗਿਣਤੀ ਘੱਟ ਨਹੀਂ ਹੈ। ਪੰਜਾਬ ਨਾਲ ਸਬੰਧਤ ਕੈਨੇਡਾ ’ਚ ਵੱਸਦੇ ਲੋਕਾਂ ਨੂੰ ਆਵਾਜਾਈ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਪੁੱਜਣ ਲਈ ਜਿਥੇ ਆਪਣੇ ਕੀਮਤੀ ਸਮੇਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ, ਉਥੇ ਹੀ ਉਨ੍ਹਾਂ ’ਤੇ ਵੱਡਾ ਆਰਥਿਕ ਬੋਝ ਵੀ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਨਾਲ ਇਹ ਵਿਤਕਰਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਕੈਨੇਡਾ ਭਾਰਤ ਉਡਾਣਾਂ ਵਿੱਚੋਂ ਬਣਦਾ ਹਿੱਸਾ ਜ਼ਰੂਰ ਦਿੱਤਾ ਜਾਵੇ।

Share this Article
Leave a comment