ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲੋਕ ਸਭਾ ਲੜਨ ਦਾ ਐਲਾਨ ਕਰਕੇ ਸੂਬੇ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਕਰ ਦਿਤਾ ਹੈ। ਆਖਿਰ ਪੰਜਾਬ ਦੀ ਹਾਕਮ ਧਿਰ ਆਪ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ ਲੋਕ ਸਭਾ ਦੀਆਂ ਉੱਪਰ ਚੋਣ ਲੜਨ ਦਾ ਫੈਸਲਾ ਲੈ ਲਿਆ ਹੈ। ਹਰ ਸੀਟ ਲਈ ਸੰਭਾਵੀ ਉਮੀਦਵਾਰਾਂ ਦੀ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ।ਇਸ ਤਰਾਂ ਹੁਣ ਪੰਜਾਬ ਵਿਚ ਆਪ ਅਤੇ ਕਾਂਗਰਸ ਲੋਕ ਸਭਾ ਚੋਣ ਵਿਚ ਇਕ ਦੂਜੇ ਦੇ ਆਹਮੋ ਸਾਹਮਣੇ ਹੋਣਗੇ। ਆਪ ਦੀ ਲੀਡਰਸ਼ਿਪ ਨੇ ਇਹ ਫੈਸਲਾ ਪਿਛਲੇ ਦਿਨੀ ਦਿੱਲ਼ੀ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ,ਸੰਦੀਪ ਪਾਠਕ ਅਤੇ ਕਈ ਹੋਰ ਸੀਨੀਅਰ ਨੇਤਾ ਵੀ ਮੀਟਿੰਗ ਵਿੱਚ ਹਾਜਰ ਸਨ। ਮੁੱਖ ਮੰਤਰੀ ਮਾਨ ਲਗਾਤਾਰ ਆਖ ਰਹੇ ਸਨ ਕਿ ਉਹ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਆਪ ਦੀ ਝੋਲੀ ਪਾਉਣਗੇ। ਬੇਸ਼ਕ ਚੰਡੀਗੜ ਸੀਟ ਦਾ ਵੀ ਦਾਅਵਾ ਕੀਤਾ ਜਾ ਰਿਹਾ ਸੀ ਪਰ ਕਾਂਗਰਸ ਨਾਲ ਮੇਅਰ ਦੀ ਚੋਣ ਸਮਝੌਤੇ ਕਾਰਨ ਚੰਡੀਗੜ ਸੀਟ ਦੀ ਸਥਿਤੀ ਸਪਸ਼ਟ ਨਹੀਂ ਹੈ। ਹੁਣ ਜਦੋਂ ਆਪ ਨੇ ਤੇਰਾਂ ਸੀਟਾਂ ਲੜਨ ਦਾ ਫੈਸਲਾ ਲਿਆ ਹੈ ਤਾਂ ਆਪ ਨੂੰ ਆਪਣੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਪਰਖਣ ਦਾ ਮੌਕਾ ਮਿਲੇਗਾ ਅਤੇ ਮੁੱਖ ਮੰਤਰੀ ਮਾਨ ਲਈ ਆਪਣੇ ਬੋਲ ਪੁਗਾਉਣੇ ਵੀ ਵਡੀ ਚੁਣੌਤੀ ਹੋਵੇਗੀ। ਉਂਝ ਵੀ ਆਪ ਲਈ ਪੰਜਾਬ ਹੀ ਸਭ ਤੋਂ ਵੱਡੀ ਆਸ ਹੈ ਜਿਥੋਂ ਲੋਕ ਸਭਾ ਲਈ ਵਧੇਰੇ ਸੀਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਜੇਕਰ ਪੰਜਾਬ ਆਪ ਲਈ ਲੋਕ ਸਭਾ ਵਾਸਤੇ ਚੰਗੀਆਂ ਸੀਟਾਂ ਝੋਲੀ ਪਾਏਗਾ ਤਾਂ ਮੁੱਖ ਮੰਤਰੀ ਮਾਨ ਦੀ ਪਾਰਟੀ ਅੰਦਰ ਵੀ ਸਥਿਤੀ ਹੋਰ ਮਜਬੂਤ ਹੋਵੇਗੀ।
ਹੁਣ ਪੰਜਾਬ ਦੇ ਮਾਮਲੇ ਨੂੰ ਜੇਕਰ ਕੌਮੀ ਪੱਧਰ ਉੱਪਰ ਦੇਖਿਆ ਜਾਵੇ ਤਾਂ ਪ੍ਰਸਥਿਤੀਆਂ ਬਦਲੀਆਂ ਹੋਈਆਂ ਨਜਰ ਆਉਣਗੀਆਂ। ਕੀ ਪੰਜਾਬ ਦਾ ਗਠਜੋੜ ਨਾ ਹੋਣ ਦਾ ਅਸਰ ਕੌਮੀ ਪੱਧਰ ਉੱਪਰ ਵੀ ਪਏਗਾ? ਅਜੇ ਚੰਡੀਗੜ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਆਪ ਅਤੇ ਕਾਂਗਰਸ ਦਾ ਬੇਸ਼ਕ ਮੇਅਰ ਦੀ ਚੋਣ ਤੱਕ ਤਾਂ ਸਮਝੌਤਾ ਤੈਅ ਹੈ ਪਰ ਕੀ ਚੰਡੀਗੜ ਲੋਕ ਸਭਾ ਦੀ ਚੋਣ ਬਾਰੇ ਵੀ ਸਹਿਮਤੀ ਹੋਈ ਹੈ? ਇਸ ਲਈ ਹੁਣ ਕਈ ਸਵਾਲ ਉਠਣ ਲੱਗੇ ਹਨ । ਕੌਮੀ ਰਾਜਨੀਤੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਵੀ ਕਾਂਗਰਸ ਨਾਲੋਂ ਵੱਖ ਹੋ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਮਮਤਾ ਦਾ ਕਹਿਣਾ ਹੈ ਕਿ ਕਾਂਗਰਸ ਨੇ ਉਸ ਦਾ ਪ੍ਰਸਤਾਵ ਪ੍ਰਵਾਨ ਨਹੀਂ ਕੀਤਾ ਤਾਂ ਉਹ ਚੋਣ ਗਠਜੋੜ ਤੋਂ ਬਾਹਰ ਆ ਗਏ ਹਨ ! ਇਸ ਨਾਲ ਇੰਡੀਆ ਗਠਜੋੜ ਨੂੰ ਤਕੜਾ ਝਟਕਾ ਲੱਗਾ ਹੈ। ਆਪ ਦੇ ਮਜਬੂਤ ਸੂਬੇ ਪੰਜਾਬ ਵਿਚ ਇੰਡੀਆ ਗਠਜੋੜ ਪਹਿਲਾਂ ਹੀ ਦਮ ਤੋੜ ਗਿਆ ਹੈ। ਕੌਮੀ ਪੱਧਰ ਉੱਪਰ ਆਪ ਦੀ ਭਾਜਪਾ ਨਾਲ ਤਕੜੀ ਟੱਕਰ ਧੱਕੇ ਕਰਨ ਦੇ ਮੁੱਦੇ ਲੈ ਕੇ ਚੱਲ ਰਹੀ ਹੈ। ਆਪ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਈ ਡੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਖਦਸ਼ਾ ਪਾਰਟੀ ਆਗੂਆਂ ਵਲੋਂ ਪ੍ਰਗਟ ਕੀਤ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਆਪ ਨੂੰ ਵੀ ਲੋਕ ਸਭਾ ਚੋਣ ਦੇ ਨਾਲ ਨਾਲ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਕੀ ਇਹ ਚੁਣੌਤੀਆਂ ਇੰਡੀਆਗਠਜੋੜ ਨੂੰ ਇੱਕਠਾ ਰੱਖ ਸਕਣਗੀਆਂ? ਦੇਖਣਾ ਪਏਗਾ।
ਸੰਪਰਕਃ 9814002186