ਕਾਂਗਰਸ ‘ਤੇ ਟਿਕਟਾਂ ਦੇ ਸੌਦੇਬਾਜ਼ੀ ਦੇ ਇਲਜ਼ਾਮ, AAP ਨੇ ਨੇ ਚੁੱਕੇ ਸਵਾਲ ਕਿਹਾ, ‘ਪਹਿਲਾਂ ਡਿਫੈਂਡਰਾਂ ਨਾਲ ਵੰਡੀਆਂ ਜਾਂਦੀਆਂ ਸਨ ਟਿਕਟਾਂ’

Global Team
3 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਟਕਰਾਅ ਵਿਚਾਲੇ ਹੁਣ ਟਿਕਟਾਂ ਦੀ ਵਿਕਰੀ ਦੇ ਦੋਸ਼ ਵੀ ਸਾਹਮਣੇ ਆ ਗਏ ਹਨ। ਮੱਧ ਪ੍ਰਦੇਸ਼ ਦੇ ਇੱਕ ਕਾਂਗਰਸੀ ਆਗੂ ਵੱਲੋਂ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ।

‘ਪਹਿਲਾਂ ਡਿਫੈਂਡਰਾਂ ਨਾਲ ਟਿਕਟਾਂ ਵੰਡੀਆਂ ਜਾਂਦੀਆਂ ਸਨ’

ਬਲਤੇਜ ਪੰਨੂ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਡਿਫੈਂਡਰ ਅਤੇ ਹੋਰ ਮਹਿੰਗੀਆਂ ਗੱਡੀਆਂ ਰਾਹੀਂ ਟਿਕਟਾਂ ਵੰਡਣ ਦੀਆਂ ਗੱਲਾਂ ਹੁੰਦੀਆਂ ਸਨ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਇਸ ਵਾਰ ਪਤਾ ਨਹੀਂ ਇਹ ਕੰਮ ਹੈਲੀਕਾਪਟਰਾਂ ਰਾਹੀਂ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ।

ਪੰਨੂ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੇ ਇੱਕ ਆਗੂ ਦਾ ਬਿਆਨ ਸੁਣ ਰਹੇ ਸਨ, ਜਿਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਅਜਿਹੇ ਦੋਸ਼ ਲਗਾਏ ਗਏ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮਾਂ ਪਹਿਲਾਂ ਨਵਜੋਤ ਕੌਰ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ, ਜਦਕਿ ਉੱਥੇ ਮੁੱਖ ਮੰਤਰੀ ਬਣਨ ਲਈ ਇੰਨੀ ਵੱਡੀ ਰਕਮ ਦੀਆਂ ਗੱਲਾਂ ਹੁੰਦੀਆਂ ਹਨ। ਪੰਨੂ ਨੇ ਸਵਾਲ ਕੀਤਾ ਕਿ ਇਹ ਰਕਮ ਕੌਣ ਦੇ ਰਿਹਾ ਹੈ ਅਤੇ ਕੌਣ ਇਸ ਦੀ ਤਿਆਰੀ ਕਰ ਰਿਹਾ ਹੈ।

ਰੰਧਾਵਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਵੀ ਚੁੱਕੇ ਸਵਾਲ

AAP ਆਗੂ ਨੇ ਦੋਸ਼ ਲਗਾਇਆ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ। ਭਾਵੇਂ ਰੰਧਾਵਾ ਇਸ ਮੁਲਾਕਾਤ ਨੂੰ ਕਿਸੇ ਹੋਰ ਮਸਲੇ ਨਾਲ ਜੋੜ ਰਹੇ ਹਨ, ਪਰ ਸਭ ਜਾਣਦੇ ਹਨ ਕਿ ਅਸਲ ਵਿੱਚ ਕੀ ਚੱਲ ਰਿਹਾ ਹੈ।

‘ਕਾਂਗਰਸ ਤੇ BJP ਮਿਲ ਕੇ ਖੇਡ ਰਹੀਆਂ ਹਨ’

ਬਲਤੇਜ ਪੰਨੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਵਿੱਚ ਕੀ ਹੋ ਰਿਹਾ ਹੈ, ਉਸ ਦਾ ਜਵਾਬ ਕਾਂਗਰਸ ਦੇ ਰਹੀ ਹੈ ਅਤੇ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ, ਉਸ ‘ਤੇ ਭਾਜਪਾ ਬੋਲ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੋਵੇਂ ਪਾਰਟੀਆਂ ਆਪਸੀ ਮਿਲੀਭੁਗਤ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿੱਚ ਪਹਿਲਾਂ ਹੀ ਕਾਂਗਰਸ ਤੋਂ ਗਏ ਆਗੂਆਂ ਦਾ ਇੱਕ ਧੜਾ ਮੌਜੂਦ ਹੈ ਅਤੇ ਅਸਲੀ ਭਾਜਪਾਈ ਨਜ਼ਰ ਹੀ ਨਹੀਂ ਆਉਂਦੇ।

‘ਕਈ ਕਾਂਗਰਸੀ BJP ਵਿੱਚ ਜਾ ਸਕਦੇ ਹਨ’

ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਅਕਸਰ AAP ਨੂੰ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਕਹਿੰਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਜਾਂ ਭੂਪੇਸ਼ ਬਘੇਲ ਕੀ ਪੰਜਾਬ ਤੋਂ ਹਨ? ਉਨ੍ਹਾਂ ਕਿਹਾ ਕਿ ਰਾਸ਼ਟਰੀ ਪਾਰਟੀਆਂ ਦੇ ਫੈਸਲੇ ਦਿੱਲੀ ਤੋਂ ਹੀ ਹੁੰਦੇ ਹਨ।

ਅੰਤ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਹਾਲਾਤ ਦੇਖਦੇ ਹੋਏ ਕਾਂਗਰਸ ਦੇ ਬਹੁਤ ਘੱਟ ਆਗੂ ਪਾਰਟੀ ਵਿੱਚ ਰਹਿਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਕਿਸੇ ਤਰ੍ਹਾਂ ਦੀ ਸਿਆਸੀ ਸੌਦੇਬਾਜ਼ੀ ਚੱਲ ਰਹੀ ਹੈ ਅਤੇ ਜੇਕਰ ਇਹ ਪੂਰੀ ਹੋ ਗਈ ਤਾਂ ਕਈ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

Share This Article
Leave a Comment