ਕੋਟਕਪੂਰਾ : ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਸਵੇਰੇ ਜ਼ਿਲ੍ਹਾ ਫਰੀਦਕੋਟ ਦੇ ਇੱਕ 45 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਆਪ ਨੂੰ ਘਰ ‘ਚ ਹੀ ਕੁਆਰੰਟਾਈਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ਿਵਿਟ ਮਰੀਜ਼ ਉਨ੍ਹਾਂ ਦਾ ਰਿਸ਼ਤੇਦਾਰ ਹੈ ਤੇ ਉਹ ਕੁਝ ਦਿਨ ਪਹਿਲਾਂ ਉਸ ਦੇ ਸੰਪਰਕ ‘ਚ ਵੀ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰਨ ਦਾ ਫੈਸਲਾ ਲਿਆ ਹੈ ਤੇ ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਐੱਸ.ਡੀ.ਐੱਮ. ਕੋਟਕਪੂਰਾ ਨੂੰ ਮੇਲ ਰਾਹੀਂ ਭੇਜ ਦਿੱਤੀ ਹੈ।
ਫਰੀਦਕੋਟ ‘ਚ ਕੋਰੋਨਾ ਦਾ ਇਹ ਦੂਜਾ ਮਾਮਲਾ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ‘ਚ ਆ ਗਿਆ। ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਪੈਸ਼ਲ ਵਾਰਡ ‘ਚ ਦਾਖਲ ਕਰਵਾਇਆ ਗਿਆ ਹੈ। ਫਰੀਦਕੋਟ ਦੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਿਲੇ ਕੋਰੋਨਾ ਮਰੀਜ਼ ਤੋਂ ਬਾਅਦ ਜਾਂਚ ਲਈ ਭੇਜੇ ਗਏ 61 ਸੈਂਪਲਾਂ ‘ਚੋਂ 60 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਨੈਗੇਟਿਵ ਆਏ ਸੈਂਪਲਾਂ ‘ਚੋਂ 11 ਉਹ ਸ਼ੱਕੀ ਵਿਅਕਤੀ ਹਨ ਜਿਨ੍ਹਾਂ ਦਾ ਸੰਪਰਕ ਤਬਲੀਗੀ ਜਮਾਤ ਤੋਂ ਆਏ ਵਿਅਕਤੀਆਂ ਨਾਲ ਸੀ। ਉਨ੍ਹਾਂ ਕਿਹਾ ਕਿ ਦੂਜੇ ਕੋਰੋਨਾ ਮਰੀਜ਼ ਦਾ ਸਬੰਧ ਵੀ ਪਹਿਲਾਂ ਪਾਜ਼ਿਟਿਵ ਪਾਏ ਗਏ ਮਰੀਜ਼ ਨਾਲ ਦੱਸਿਆ ਜਾਂਦਾ ਹੈ।
ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੇ ਹੁਣ ਤੱਕ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ‘ਚੋਂ 8 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਭਾਰਤ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਤੋਂ ਟੱਪ ਗਈ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਨਾਲ 140 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।